ਸਿਓਲ, 14 ਜਨਵਰੀ
ਦੱਖਣੀ ਕੋਰੀਆ ਅਤੇ ਜਾਪਾਨ ਦੇ ਅਧਿਕਾਰੀਆਂ ਨੇ ਕਿਹਾ ਕਿ ਉੱਤਰ ਕੋਰੀਆ ਨੇ ਅੱਜ ਘੱਟੋ-ਘੱਟ ਇਕ ਬੈਲਿਸਟਿਕ ਮਿਜ਼ਾਈਲ ਦਾ ਪਰੀਖਣ ਕੀਤਾ ਹੈ। ਇਸ ਮਹੀਨੇ ਇਹ ਤੀਜੀ ਵਾਰ ਹੈ ਜਦੋਂ ਉੱਤਰ ਕੋਰੀਆ ਨੇ ਮਿਜ਼ਾਈਲ ਪਰੀਖਣ ਕੀਤਾ ਹੈ। ਅਮਰੀਕਾ ਦੇ ਜੋਅ ਬਾਇਡਨ ਪ੍ਰਸ਼ਾਸਨ ਨੇ ਉੱਤਰ ਕੋਰੀਆ ਦੇ ਮਿਜ਼ਾਈਲ ਪਰੀਖਣਾਂ ਕਰ ਕੇ ਉਸ ਉੱਪਰ ਨਵੀਆਂ ਪਾਬੰਦੀਆਂ ਲਗਾਈਆਂ ਹਨ ਅਤੇ ਸਮਝਿਆ ਜਾਂਦਾ ਹੈ ਕਿ ਇਹ ਪਰੀਖਣ ਉਨ੍ਹਾਂ ਪਾਬੰਦੀਆਂ ਦੇ ਜਵਾਬ ਵਿਚ ਹੀ ਕੀਤਾ ਗਿਆ ਹੈ।
ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ਼ ਨੇ ਦੱਸਿਆ ਕਿ ਮਿਜ਼ਾਈਲ ਪੂਰਬ ਦਿਸ਼ਾ ਵੱਲ ਦਾਗੀ ਗਈ ਹੈ, ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਮਿਜ਼ਾਈਲ ਕਿੱਥੇ ਜਾ ਕੇ ਡਿੱਗੀ। ਉਨ੍ਹਾਂ ਮਿਜ਼ਾਈਲ ਬਾਰੇ ਵਿਸਥਾਰ ਵਿਚ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਜਾਪਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਅਤੇ ਰੱਖਿਆ ਮੰਤਰਾਲੇ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਉੱਤਰੀ ਕੋਰੀਆ ਦੇ ਇਸ ਪਰੀਖਣ ਬਾਰੇ ਪਤਾ ਲੱਗਿਆ ਹੈ। -ਏਪੀ
ਦੱਖਣੀ ਕੋਰੀਆ ਵੱਲੋਂ ਅਮਰੀਕਾ ਨੂੰ ਚਿਤਾਵਨੀ
ਉੱਤਰ ਕੋਰੀਆ ਦੀ ਅਧਿਕਾਰਤ ‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇਸੀਐੱਨਏ) ਨੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਹਵਾਲੇ ਨਾਲ ਕਥਿਤ ਹਾਈਪਰਸੋਨਿਕ ਮਿਜ਼ਾਈਲ ਦੇ ਪਰੀਖਣ ਨੂੰ ਸਹੀ ਠਹਿਰਾਇਆ ਅਤੇ ਇਸ ਨੂੰ ਆਤਮ ਰੱਖਿਆ ਲਈ ਕੀਤਾ ਗਿਆ ਅਭਿਆਸ ਕਰਾਰ ਦਿੱਤਾ। ਮਿਜ਼ਾਈਲ ਦਾਗੇ ਜਾਣ ਤੋਂ ਕੁਝ ਘੰਟੇ ਪਹਿਲਾਂ ਉੱਤਰ ਕੋਰੀਆ ਨੇ ਇਕ ਬਿਆਨ ਜਾਰੀ ਕਰ ਕੇ ਇਸ ਮਹੀਨੇ ਦੇ ਪਹਿਲਾਂ ਦੇ ਮਿਜ਼ਾਈਲ ਪਰੀਖਣਾਂ ਨੂੰ ਲੈ ਕੇ ਬਾਇਡਨ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਨਵੀਆਂ ਪਾਬੰਦੀਆਂ ਦੀ ਨਿਖੇਧੀ ਕੀਤੀ। ਉੱਤਰ ਕੋਰੀਆ ਨੇ ਕਿਹਾ ਕਿ ਜੇਕਰ ਅਮਰੀਕਾ ਟਕਰਾਅ ਵਾਲਾ ਰੁਖ਼ ਬਰਕਰਾਰ ਰੱਖਦਾ ਹੈ ਤਾਂ ਉਹ ਹੋੋਰ ਕਦਮ ਉਠਾਏਗਾ। ਬੁਲਾਰੇ ਨੇ ਕਿਹਾ ਕਿ ਨਵੀਆਂ ਪਾਬੰਦੀਆਂ ਅਮਰੀਕਾ ਦੇ ਦੁਸ਼ਮਣੀ ਵਾਲੇ ਇਰਾਦੇ ਨੂੰ ਦਰਸਾਉਂਦੀਆਂ ਹਨ, ਜਿਸ ਦਾ ਉਦੇਸ਼ ਉੱਤਰ ਕੋਰੀਆ ਨੂੰ ‘ਵੱਖ ਕਰਨਾ ਅਤੇ ਉਸ ਉੱਪਰ ਦਬਾਅ ਬਣਾਉਣਾ ਹੈ’’, ਜਦਕਿ ਦੂਜੇ ਪਾਸੇ ਅਮਰੀਕਾ ਲਗਾਤਾਰ ਉੱਤਰ ਕੋਰੀਆ ਨੂੰ ਫੋਨ ਕਰ ਕੇ ਕੂਟਨੀਤਕ ਸਬੰਧ ਬਹਾਲ ਕਰਨ ਦੀ ਅਪੀਲ ਕਰ ਰਿਹਾ ਹੈ। -ਏਪੀ