ਸਿਓਲ, 2 ਜੂਨ
ਉੱਤਰੀ ਕੋਰੀਆ ਨੇ ਅੱਜ ਕਿਹਾ ਕਿ ਉਹ ਕੂੜੇ ਨਾਲ ਭਰੇ ਗੁਬਾਰੇ ਦੱਖਣੀ ਕੋਰੀਆ ਨਾਲ ਲੱਗਦੀ ਸਰਹੱਦ ’ਤੇ ਭੇਜਣੇ ਬੰਦ ਕਰ ਦੇਵੇਗਾ। ਹਾਲਾਂਕਿ ਉੱਤਰੀ ਕੋਰੀਆ ਨੇ ਸਾਫ਼ ਕਰ ਦਿੱਤਾ ਕਿ ਜੇਕਰ ਦੱਖਣ ਵੱਲੋਂ ਉੱਤਰ ਕੋਰੀਆ ਵਿਰੋਧੀ ਪਰਚੇ ਉੱਡ ਕੇ ਮੁੜ ਉਨ੍ਹਾਂ ਵਾਲੇ ਪਾਸੇ ਆਏ ਤਾਂ ਉਹ ਗੁਬਾਰਿਆਂ ਰਾਹੀਂ ਕੂੜਾ ਭੇਜਣ ਦਾ ਅਮਲ ਮੁੜ ਸ਼ੁਰੂ ਕਰ ਦੇਵੇਗਾ। ਉੱਤਰੀ ਕੋਰੀਆ ਦੇ ਉਪ ਰੱਖਿਆ ਮੰਤਰੀ ਕਿਮ ਕੈਂਗ ਦੋਇਮ ਨੇ ਇਕ ਬਿਆਨ ਵਿਚ ਕਿਹਾ ਕਿ ਦੱਖਣੀ ਕੋਰੀਆ ਨੂੰ ਇਸ ਗੱਲ ਦਾ ਵੱਡਾ ਤਜਰਬਾ ਹੈ ਕਿ ਇਹ ਸਭ ਕੁਝ ਕਿੰਨਾ ਨਾਗਵਾਰ ਹੈ ਤੇ ਇੰਨਾ ਕੂੜਾ ਇਕੱਠਾ ਕਰਨ ਵਿਚ ਕਿੰਨਾ ਸਮਾਂ ਲੱਗਦਾ ਹੈ। ਚੇਤੇ ਰਹੇ ਕਿ ਉੱਤਰੀ ਕੋਰੀਆ ਨੇ 3500 ਗੁਬਾਰਿਆਂ ਦੀ ਮਦਦ ਨਾਲ ਦੱਖਣ ਵਿਚ 15 ਟਨ ਕੂੜਾ ਭੇਜਿਆ ਹੈ। ਸਿਓਲ ਨੇ ਦਾਅਵਾ ਕੀਤਾ ਹੈ ਕਿ ਪਿਓਂਗਯਾਂਗ ਨੇ ਆਪਣੇ ਗੁਆਂਂਢੀ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਹੁਣ ਤੱਕ 700 ਤੋਂ ਵੱਧ ਕੂੜੇ ਨਾਲ ਭਰੇ ਗੁਬਾਰੇ ਭੇਜੇ ਹਨ। -ਰਾਇਟਰਜ਼