ਕੋਪਨਹੈਗਨ: ਨਾਰਵੇੇ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਵਿੱਚ ਰਿਹਾਇਸ਼ੀ ਇਲਾਕੇ ’ਚ ਰਹਿੰਦੇ ਲੋਕਾਂ ਵੱਲੋਂ ਡਰੋਨ ਵੇਖੇ ਜਾਣ ਮਗਰੋਂ ਬਰਜਨ ਹਵਾਈ ਅੱਡੇ ਨੂੰ ਢਾਈ ਘੰਟੇ ਬੰਦ ਰੱਖਿਆ ਗਿਆ। ਹਵਾਈ ਅੱਡਾ ਨਾਰਵੇ ਦੀ ਜਲਸੈਨਾ ਦੇ ਮੁੱਖ ਬੇਸ ਦੇ ਕਾਫੀ ਨੇੜੇ ਹੈ। ਪੁਲੀਸ ਤਰਜਮਾਨ ਓਰਜਾਨ ਜੁਵਿਕ ਨੇ ਕਿਹਾ ਕਿ ਪਹਿਲਾ ਡਰੋਨ ਸਵੇਰੇ ਸਵਾ ਚਾਰ ਵਜੇ ਦੇ ਕਰੀਬ ਬਰਜਨ ਹਵਾਈ ਅੱਡੇ ਨਜ਼ਦੀਕ ਨਜ਼ਰ ਆਉਣ ਮਗਰੋਂ ਫੌਰੀ ਨਾਰਵੇ ਦੀ ਫੌਜ ਤੇ ਹਵਾਈ ਅੱਡੇ ਦੇ ਪ੍ਰਬੰਧਕ ਐਵੀਨੋਰ ਨੂੰ ਸੂਚਿਤ ਕੀਤਾ ਗਿਆ। ਇਸ ਮਗਰੋਂ ਕੁਝ ਹੋਰ ਡਰੋਨ ਵੀ ਵੇਖੇ ਗਏ। ਤਰਜਮਾਨ ਨੇ ਕਿਹਾ, ‘‘ਡਰੋਨ ਇਕ ਸੀ ਜਾਂ ਵੱਧ, ਇਸ ਬਾਰੇ ਅਜੇ ਕੁਝ ਵੀ ਸਪਸ਼ਟ ਨਹੀਂ। ਪਰ ਇੰਨਾ ਪੱਕਾ ਹੈ ਕਿ ਘੱਟੋ-ਘੱਟ ਇੱਕ ਡਰੋਨ ਹੈ।’’ ਨਾਰਵੇ ਦੀ ਖ਼ਬਰ ਏਜੰਸੀ ਐੱਨਟੀਬੀ ਨੇ ਕਿਹਾ ਕਿ ਬਰਜਨ ਹਵਾਈ ਅੱਡਾ ਮੁਲਕ ਦੇ ਮੁੱਖ ਨੇਵਲ ਬੇਸ ਨੇੜੇ ਹੈ, ਜਿਸ ਕਰਕੇ ਹਵਾਈ ਲਾਂਘਾ ਬੰਦ ਕਰ ਦਿੱਤਾ ਗਿਆ। ਉਧਰ ਪੁਲੀਸ ਨੇ ਕਿਹਾ ਕਿ ਅਜੇ ਤੱਕ ਕਿਸੇ ਮਸ਼ਕੂਕ ਦੀ ਪਛਾਣ ਨਹੀਂ ਹੋਈ ਹੈ। -ਏਪੀ