ਨੈਰੋਬੀ, 18 ਜੁਲਾਈ
ਪੱਛਮੀ ਕੀਨੀਆ ਵਿੱਚ ਹਾਦਸਾਗ੍ਰਸਤ ਹੋਇਆ ਤੇਲ ਟੈਂਕਰ ਫੱਟਣ ਕਾਰਨ 13 ਜਣਿਆਂ ਦੀ ਮੌਤ ਹੋ ਗਈ। ਪੁਲੀਸ ਨੇ ਅੱਜ ਦੱਸਿਆ ਕਿ ਜਦੋਂ ਧਮਾਕਾ ਹੋਇਆ ਲੋਕ ਟੈਂਕਰ ਵਿੱਚੋਂ ਤੇਲ ਕੱਢ ਰਹੇ ਸਨ। ਜੈੱਮ ਸਬ ਕਾਊਂਟੀ ਪੁਲੀਸ ਕਮਾਂਡਰ ਚਾਰਲਸ ਚਚਾ ਨੇ ਦੱਸਿਆ ਕਿ ਸਿਆਯਾ ਕਾਊਂਟੀ ਵਿੱਚ ਸ਼ਨਿੱਚਰਵਾਰ ਨੂੰ ਮਲੰਗਾ ਪਿੰਡ ਨੇੜੇ ਦੁੱਧ ਦੇ ਟਰੱਕ ਨਾਲ ਟਕਰਾਉਣ ਮਗਰੋਂ ਤੇਲ ਟੈਂਕਰ ਪਲਟ ਗਿਆ ਸੀ। ਜਦੋਂ ਸਥਾਨਕ ਵਸਨੀਕ ਟੈਂਕਰ ਵਿੱਚੋਂ ਤੇਲ ਕੱਢ ਰਹੇ ਸਨ ਤਾਂ ਧਮਾਕਾ ਹੋ ਗਿਆ। ਉਨ੍ਹਾਂ ਦੱਸਿਆ, ‘‘ਟੈਂਕਰ ਨੂੰ ਸੱਜੇ ਪਾਸਿਓਂ ਆ ਰਹੇ ਵਾਹਨ ਨੇ ਟੱਕਰ ਮਾਰ ਦਿੱਤੀ ਸੀ ਅਤੇ ਇਹ ਸੜਕ ਕਿਨਾਰੇ ਪਲਟ ਗਿਆ।’’ ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੇ ਭੀੜ ਨੂੰ ਚਿਤਾਵਨੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਗ਼ਰੀਬੀ ਦੇ ਝੰਬੇ ਮੁਲਕ ਵਿੱਚ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ। -ਏਪੀ