ਲੰਡਨ, 18 ਦਸੰਬਰ
ਬ੍ਰਿਟੇਨ ਵਿੱਚ ਓਮੀਕਰੋਨ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਯੂਕੇ ਸਰਕਾਰ ਕ੍ਰਿਸਮਸ ਤੋਂ ਬਾਅਦ ਦੋ ਹਫਤਿਆਂ ਦਾ ਲੋਕਡਾਊਨ ਲਾਉਣ ਦੀ ਤਿਆਰੀ ਕਰ ਰਹੀ ਹੈ ਤਾਂ ਕਿ ਵਾਇਰਸ ਦਾ ਫੈਲਾਅ ਰੋਕਿਆ ਜਾ ਸਕੇ। ‘ਦਿ ਟਾਈਮਜ਼’ ਅਨੁਸਾਰ ਸਰਕਾਰ ਵੱਲੋਂ ਲੌਕਡਾਊਨ ਸਬੰਧੀ ਮਾਪਦੰਡ ਤਿਆਰ ਕੀਤੇ ਜਾ ਰਹੇ ਹਨ ਅਤੇ ਪਬੱਜ਼ ਤੇ ਰੈਸਤਰਾਂ ਵੱਲੋਂ ਇਨਡੋਰ ਕੈਟਰਿੰਗ ਦੀ ਥਾਂ ਆਊਟਡੋਰ ਸਰਵਿਸ ਹੀ ਦਿੱਤੀ ਜਾ ਸਕੇਗੀੇ। ਇਸੇ ਦੌਰਾਨ ‘ਫਾਈਨਾਂਸ਼ਿਅਲ ਟਾਈਮਜ਼’ ਦੀ ਰਿਪੋਰਟ ਅਨੁਸਾਰ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਕਈ ਵਿਕਲਪ ਦਿੱਤੇ ਗਏ ਹਨ ਜਿਨ੍ਹਾਂ ਵਿੱਚ ਲੋਕਾਂ ਨੂੰ ਹਦਾਇਤਾਂ ਦੇਣ ਤੋਂ ਇਲਾਵਾ ਲੌਕਡਾਊਨ ਲਾਉਣ ਦਾ ਸੁਝਾਅ ਵੀ ਸ਼ਾਮਲ ਹੈ। -ਏਜੰਸੀ