ਮਿਨੀਪੋਲਿਸ/ਸਾਇਰਕਿਊਸ, 21 ਜੂਨ
ਮਿਨੀਪੋਲਿਸ ਵਿੱਚ ਗੋਲੀਬਾਰੀ ਦੀ ਇਕ ਘਟਨਾ ਵਿੱਚ ਇਕ ਵਿਅਕਤੀ ਹਲਾਕ ਤੇ 11 ਹੋਰ ਜ਼ਖ਼ਮੀ ਹੋ ਗਏ। ਪੀੜਤਾਂ ਦੇ ਨਾਮ ਤੇ ਉਮਰ ਬਾਰੇ ਅਜੇ ਕੁਝ ਵੀ ਸਪਸ਼ਟ ਨਹੀਂ। ਮਿਨੀਪੋਲਿਸ ਪੁਲੀਸ ਨੇ ਸ਼ੁਰੂਆਤੀ ਟਵੀਟ ਵਿੱਚ ਲੋਕਾਂ ਨੂੰ ਉਪਰਲੇ ਮਿਨੀਪੋਲਿਸ ਖੇਤਰ, ਜਿਸ ਨੂੰ ਕਮਰਸ਼ੀਅਲ ਜ਼ਿਲ੍ਹਾ ਕਿਹਾ ਜਾਂਦਾ ਹੈ, ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ। ਇਸ ਖੇਤਰ ਵਿੱਚ ਕਈ ਬਾਰ ਤੇ ਰੈਸਟੋਰੈਂਟ ਹਨ। ਉਂਜ ਸੋਸ਼ਲ ਮੀਡੀਆ ’ਤੇ ਪਾਈਆਂ ਤਸਵੀਰਾਂ ਵਿੱਚ ਅਪਟਾਊਨ ਥੀਏਟਰ ਦੀਆਂ ਖਿੜਕੀਆਂ ਗੋਲੀਆਂ ਨਾਲ ਤਿੜੀਆਂ ਵਿਖਾਈਆਂ ਗਈਆਂ ਹਨ। ਉਧਰ ਗੋਲੀਬਾਰੀ ਮਗਰੋਂ ਫੇਸਬੁੱਕ ’ਤੇ ਪੋਸਟ ਕੀਤੀ ਲਾਈਵ ਵੀਡੀਓ ਵਿੱਚ ਲੋਕਾਂ ਦੀਆਂ ਚੀਕਾਂ ਸਾਫ਼ ਸੁਣਾਈ ਦੇ ਰਹੀਆਂ ਹਨ। ਵੀਡੀਓ ਵਿੱਚ ਕੁਝ ਲੋਕ ਇਕ ਥਾਈਂ ਇਕੱਠੇ ਹੋਏ ਵਿਖਾਈ ਦੇ ਰਹੇ ਹਨ ਜਦੋਂਕਿ ਕੁਝ ਸੜਕ ਕੰਢੇ ਪਟੜੀਆਂ ’ਤੇ ਪਏ ਹਨ।
ਇਸ ਦੌਰਾਨ ਕੇਂਦਰੀ ਨਿਊ ਯਾਰਕ ਵਿੱਚ ਸ਼ਨਿੱਚਰਵਾਰ ਰਾਤ ਨੂੰ ਹੋਈ ਗੋਲੀਬਾਰੀ ਦੀ ਇਕ ਵੱਖਰੀ ਘਟਨਾ ਵਿੱਚ 9 ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚ 17 ਸਾਲਾ ਇਕ ਲੜਕਾ ਵੀ ਸ਼ਾਮਲ ਹੈ, ਜਿਸ ਦੇ ਸਿਰ ਵਿੱਚ ਗੋਲੀ ਲੱਗਣ ਕਰਕੇ ਉਹਦੀ ਹਾਲਤ ਗੰਭੀਰ ਹੈ। ਬਾਕੀ ਬਚਦੇ ਅੱਠ ਲੋਕਾਂ ਦੀ ਉਮਰ 18 ਤੋਂ 53 ਸਾਲ ਦੇ ਕਰੀਬ ਦੱਸੀ ਜਾਂਦੀ ਹੈ। ਪੁਲੀਸ ਨੇ ਹਾਲ ਦੀ ਘੜੀ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ। ਸਿਰਾਕਿਊਜ਼ ਦੇ ਪੁਲੀਸ ਮੁਖੀ ਕੈਂਟਨ ਬਕਨਰ ਨੇ ਕਿਹਾ ਕਿ ਹਾਲ ਦੀ ਘੜੀ ਜਾਂਚ ਮੁੱਢਲੇ ਪੜਾਅ ਵਿੱਚ ਹੈ। ਇਸ ਦੌਰਾਨ ਟੈਕਸਸ ਦੀ ਰਾਜਧਾਨੀ ਆਸਟਿਨ ਵਿੱਚ ਅੱਜ ਵੱਡੇ ਤੜਕੇ ਗੋਲੀਬਾਰੀ ਹੋਈ, ਜਿਸ ਵਿੱਚ ਘੱਟੋ-ਘੱਟ ਪੰਜ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਗੋਲੀਬਾਰੀ ਦੀ ਇਹ ਘਟਨਾ ਆਸਟਿਨ ਦੇ ਕਮਰਸ਼ੀਅਲ ਖੇਤਰ ਵਿੱਚ ਤੜਕੇ ਤਿੰਨ ਵਜੇ ਦੇ ਕਰੀਬ ਵਾਪਰੀ। -ਏਪੀ