ਗਾਜ਼ਾ ਸਿਟੀ, 20 ਮਈ
ਇਜ਼ਰਾਈਲ ਨੇ ਅੱਜ ਤੜਕੇ ਗਾਜ਼ਾ ਪੱਟੀ ’ਤੇ ਕਈ ਹਮਲੇ ਕੀਤੇ ਜਿਨ੍ਹਾਂ ’ਚ ਘੱਟੋ-ਘੱਟ ਇੱਕ ਫਲਸਤੀਨੀ ਮਾਰਿਆ ਗਿਆ ਅਤੇ ਕਈ ਜ਼ਖ਼ਮੀ ਹੋ ਗਏ। ਇਹ ਤਾਜ਼ਾ ਹਮਲੇ ਉਦੋਂ ਹੋਏ ਹਨ ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਾਜ਼ਾ ਦੇ ਹਮਾਸ ਸ਼ਾਸਕਾਂ ਖ਼ਿਲਾਫ਼ ਹਮਲਾ ਕਰਨ ਦੇ ਮਾਮਲੇ ’ਚ ਅਮਰੀਕੀ ਦਬਾਅ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਹੈ। ਹਮਾਸ ਨੇ ਵੀ ਇਜ਼ਰਾਈਲ ’ਤੇ ਹਜ਼ਾਰਾਂ ਰਾਕੇਟ ਦਾਗੇ ਹਨ। ਨੇਤਨਯਾਹੂ ਆਪਣੇ ਸਭ ਤੋਂ ਪੱਕੇ ਮਿੱਤਰ ਅਮਰੀਕਾ ਦੇ ਦਬਾਅ ਦਾ ਸਾਹਮਣਾ ਕਰ ਰਿਹਾ ਹੈ। ਹਾਲਾਂਕਿ ਉਹ ਹਮਾਸ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਦੀ ਜ਼ਿੱਦ ’ਤੇ ਅੜੇ ਹੋਏ ਹਨ ਜਿਸ ਨਾਲ ਉਨ੍ਹਾਂ ਨੂੰ ਆਪਣਾ ਸਿਆਸੀ ਕਰੀਅਰ ਬਚਾਉਣ ’ਚ ਮਦਦ ਮਿਲ ਸਕਦੀ ਹੈ। ਉੱਧਰ ਦੋਵਾਂ ਧਿਰਾਂ ਵਿਚਾਲੇ ਗੋਲੀਬੰਦੀ ਕਰਵਾਉਣ ਦੀਆਂ ਸਿਆਸੀ ਕੋਸ਼ਿਸ਼ਾਂ ਹੁਣ ਕੁਝ ਅੱਗੇ ਵਧਦੀਆਂ ਨਜ਼ਰ ਆਈਆਂ ਜਦੋਂ ਹਮਾਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਲਦੀ ਹੀ ਗੋਲੀਬੰਦੀ ਦਾ ਐਲਾਨ ਹੋਣ ਦੀ ਉਮੀਦ ਹੈ।
ਇਜ਼ਰਾਈਲ ਵੱਲੋਂ ਅੱਜ ਗਾਜ਼ਾ ਸਿਟੀ ਦੇ ਮੱਧ ਸ਼ਹਿਰ ਦਿਏਰ-ਅਲ-ਬਲਾਹ ਅਤੇ ਦੱਖਣੀ ਸ਼ਹਿਰ ਖਾਨ ਯੂਨਸ ’ਤੇ ਹਵਾਈ ਹਮਲੇ ਕੀਤੇ ਗਏ। ਖਾਨ ਯੂਨਸ ’ਚ ਘੱਟ ਤੋਂ ਘੱਟ ਪੰਜ ਮਕਾਨ ਨੁਕਸਾਨੇ ਗਏ। ਇਜ਼ਰਾਇਲੀ ਸੈਨਾ ਨੇ ਦੱਸਿਆ ਕਿ ਉਸ ਨੇ ਹਮਾਸ ਕਮਾਂਡਰਾਂ ਦੇ ਘੱਟ ਤੋਂ ਘੱਟ ਚਾਰ ਮਕਾਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਨਾਲ ਦਹਿਸ਼ਤੀ ਜਥੇਬੰਦੀ ਦੇ ਫੌਜੀ ਢਾਂਚੇ ਨੂੰ ਵੀ ਨਿਸ਼ਾਨਾ ਬਣਾਇਆ ਹੈ। ਇਸ ਹਮਲੇ ’ਚ ਇੱਥੇ ਦੋ ਮੰਜ਼ਿਲਾ ਮਕਾਨ ਢਹਿ ਗਿਆ ਜਿਸ ’ਚ ਰਹਿ ਰਹੇ 11 ਜਣੇ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਤੇ ਫਲਸਤੀਨ ਵਿਚਾਲੇ ਲੰਘੇ 10 ਦਿਨਾਂ ਤੋਂ ਭਿਆਨਕ ਲੜਾਈ ਚੱਲ ਰਹੀ ਹੈ। -ਏਪੀ
ਨੇਤਨਯਾਹੂ ਵੱਲੋਂ ਜੰਗੀ ਮੁਹਿੰਮ ਜਾਰੀ ਰੱਖਣ ਦਾ ਐਲਾਨ
ਦੋਵਾਂ ਧਿਰਾਂ ਵਿਚਾਲੇ ਤਣਾਅ ਘਟਾਉਣ ਸਬੰਧੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਅਪੀਲ ਦੇ ਬਾਵਜੂਦ ਨੇਤਨਯਾਹੂ ਗਾਜ਼ਾ ਪੱਟੀ ਖ਼ਿਲਾਫ ਜੰਗੀ ਮੁਹਿੰਮ ਜਾਰੀ ਰੱਖਣ ਲਈ ਬਜ਼ਿੱਦ ਹਨ। ਇਹ ਦੋਵਾਂ ਕਰੀਬੀ ਸਹਿਯੋਗੀ ਮੁਲਕਾਂ ਵਿਚਾਲੇ ਜਨਤਕ ਦਰਾਰ ਦੀ ਪਹਿਲੀ ਘਟਨਾ ਹੈ। ਨੇਤਨਯਾਹੂ ਦੇ ਇਸ ਬਿਆਨ ਨਾਲ ਗੋਲੀਬੰਦੀ ਤੱਕ ਪਹੁੰਚਣ ਦੀਆਂ ਕੌਮਾਂਤਰੀ ਕੋਸ਼ਿਸ਼ਾਂ ਨੂੰ ਢਾਹ ਲੱਗ ਸਕਦੀ ਹੈ। ਨੇਤਨਯਾਹੂ ਨੇ ਫੌਜੀ ਹੈਡਕੁਆਰਟਰ ਦੇ ਦੌਰੇ ਮਗਰੋਂ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਦੇ ਸਹਿਸੋਗ ਦੀ ਸ਼ਲਾਘਾ ਕਰਦੇ ਹਨ ਪਰ ਇਜ਼ਰਾਈਲ ਦੇ ਲੋਕਾਂ ਦੀ ਸ਼ਾਂਤੀ ਤੇ ਸੁਰੱਖਿਆ ਲਈ ਉਹ ਆਪਣੀ ਮੁਹਿੰਮ ਜਾਰੀ ਰੱਖਣਗੇ। ਉਨ੍ਹਾਂ ਕਿਹਾ, ‘ਉਹ ਮੁਹਿੰਮ ਦਾ ਮਕਸਦ ਪੂਰਾ ਹੋਣ ਤੱਥ ਉਸ ਨੂੰ ਜਾਰੀ ਰੱਖਣ ਲਈ ਪ੍ਰਤੀਬੱਧ ਹਨ।’