ਬਚਿੱਤਰ ਕੁਹਾੜ
ਐਡੀਲੇਡ, 11 ਮਈ
ਦੱਖਣੀ ਆਸਟਰੇਲੀਆ ਦੇ ਉੱਤਰ ਵਿੱਚ ਵਸੇ ਟਾਊਨ ਪੋਰਟ ਲਿੰਕਨ ਵਿਚ ਸਨਅਤੀ ਕੂੜਾਦਾਨ ਵਿੱਚ ਸੁੱਤੇ ਤਿੰਨ ਬੱਚਿਆਂ ਵਿੱਚੋਂ ਇੱਕ 13 ਸਾਲਾ ਲੜਕੇ ਦੀ ਕੂੜੇ ਹੇਠ ਆਉਣ ਕਾਰਨ ਮੌਤ ਹੋ ਗਈ ਜਦੋਂ ਕਿ 11 ਤੇ 12 ਸਾਲ ਦੇ ਦੋ ਬੱਚੇ ਕੂੜੇਦਾਨ ਵਿੱਚੋਂ ਬਾਹਰ ਨਿਕਲ਼ਣ ਵਿੱਚ ਕਾਮਯਾਬ ਹੋ ਗਏ। ਇਸ ਦੁੱਖਦਾਈ ਘਟਨਾ ਤੋਂ ਬਾਅਦ ਟਾਊਨ ਪੋਰਟ ਲਿੰਕਨ ਵਿੱਚ ਸਥਾਨਕ ਨੌਜਵਾਨਾਂ ਦੀ ਭਾਲ ਕਰਨ ਅਤੇ ਵਧੇਰੇ ਸਹਾਇਤਾ ਕਰਨ ਲਈ ਸੰਦੇਸ਼ ਸਾਂਝਾ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਲੰਘੇ ਮੰਗਲ਼ਵਾਰ ਸਵੇਰੇ ਲਗਪਗ 5.20 ਵਜੇ ਦੱਖਣੀ ਆਸਟਰੇਲੀਆ ਦੇ ਟਾਊਨ ਪੋਰਟ ਲਿੰਕਨ ਵਿੱਚ 11, 12 ਅਤੇ 13 ਸਾਲ ਦੇ ਲੜਕੇ ਕਥਿਤ ਤੌਰ ’ਤੇ ਨੈਪੋਲੀਅਨ ਸਟਰੀਟ ਦੇ ਕਾਰ ਪਾਰਕ ਵਿਚ ਉਦਯੋਗਿਕ ਕੂੜਾਦਾਨ ਵਿਚ ਸੁੱਤੇ ਪਏ ਸਨ। ਜਦੋਂ ਨਿਰਧਾਰਿਤ ਸਮੇ ’ਤੇ ਕੂੜੇ ਵਾਲੇ ਟਰੱਕ ਡਰਾਈਵਰ ਵੱਲੋਂ ਕੂੜੇਦਾਨ ਦਾ ਮਲਬਾ ਟਰੱਕ ਵਿੱਚ ਸੁੱਟਣ ਲਈ ਕੂੜਾਦਾਨ ਉੱਪਰ ਚੁੱਕਿਆ ਤਾਂ 12 ਸਾਲਾ ਲੜਕਾ ਕੂੜੇਦਾਨ ਵਿੱਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ ਅਤੇ ਉਸ ਨੇ ਡਰਾਈਵਰ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ। ਡਰਾਈਵਰ ਨੂੰ ਸੁਚੇਤ ਕਰਨ ਵਿੱਚ ਦੇਰ ਕਾਰਨ ਦੂਜੇ ਦੋਵਾਂ ਬੱਚਿਆਂ ਨੂੰ ਟਰੱਕ ਵਿੱਚ ਸੁੱਟ ਦਿੱਤਾ ਗਿਆ। ਇਸ ਦੌਰਾਨ 11 ਸਾਲਾ ਲੜਕਾ ਤਾਂ ਬਚ ਗਿਆ ਪਰ ਬਦਕਿਸਮਤੀ ਨਾਲ 13 ਸਾਲਾ ਲੜਕਾ ਕੂੜੇ ਹੇਠਾਂ ਆਉਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੱਛਮੀ ਲੋਕਲ ਸਰਵਿਸ ਏਰੀਆ ਦੇ ਇੰਚਾਰਜ ਅਧਿਕਾਰੀ, ਸੁਪਰਡੈਂਟ ਨੇ ਕਿਹਾ ਕਿ ਬੱਚੇ ਉਦਯੋਗਿਕ ਡੱਬੇ ਵਿਚ ਕਿਵੇਂ ਸੌਂ ਗਏ ਸਨ, ਇਸ ਹਾਲਾਤ ਨੂੰ ਸਮਝਣ ਵਿਚ ਸਮਾਂ ਲੱਗੇਗਾ। ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ।