ਓਡੇਸਾ, 23 ਜੁਲਾਈ
ਰੂਸ ਨੇ ਯੂਕਰੇਨ ਦੇ ਕਾਲਾ ਸਾਗਰ ਬੰਦਰਗਾਹ ਸ਼ਹਿਰ ਓਡੇਸਾ ’ਤੇ ਅੱਜ ਮੁੜ ਹਮਲਾ ਕੀਤਾ ਜਿਸ ’ਚ ਇਕ ਵਿਅਕਤੀ ਮਾਰਿਆ ਗਿਆ ਅਤੇ 22 ਹੋਰ ਜ਼ਖ਼ਮੀ ਹੋ ਗਏ। ਹਮਲੇ ਨਾਲ ਰਣਨੀਤਕ ਪੱਖੋਂ ਅਹਿਮ ਬੰਦਰਗਾਹ ਨੂੰ ਭਾਰੀ ਨੁਕਸਾਨ ਪੁੱਜਾ ਹੈ। ਖੇਤਰੀ ਗਵਰਨਰ ਓਲੇਹ ਕਿਪਰ ਨੇ ਕਿਹਾ ਕਿ ਜ਼ਖ਼ਮੀਆਂ ’ਚ ਚਾਰ ਬੱਚੇ ਵੀ ਸ਼ਾਮਲ ਹਨ। ਹਮਲੇ ’ਚ ਇਕ ਇਤਿਹਾਸਕ ਚਰਚ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਮਾਸਕੋ ਵੱਲੋਂ ਅਨਾਜ ਸਮਝੌਤਾ ਰੱਦ ਕੀਤੇ ਜਾਣ ਮਗਰੋਂ ਓਡੇਸਾ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਇਸੇ ਬੰਦਰਗਾਹ ਰਾਹੀਂ ਅਨਾਜ ਹੋਰ ਮੁਲਕਾਂ ਨੂੰ ਭੇਜਿਆ ਜਾ ਰਿਹਾ ਸੀ। ਕਿਪਰ ਨੇ ਕਿਹਾ ਕਿ ਰੂਸੀ ਹਮਲੇ ’ਚ ਛੇ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਹੋਇਆ ਹੈ। ਓਡੇਸਾ ਦੇ ਬਾਹਰਵਾਰ ਲਗਦੇ ਇਲਾਕੇ ’ਚ ਕੁਝ ਲੋਕ ਆਪਣੇ ਅਪਾਰਟਮੈਂਟਾਂ ’ਚ ਫਸ ਗਏ ਕਿਉਂਕਿ ਸੜਕਾਂ ’ਤੇ ਮਲਬਾ ਖਿੰਡਿਆ ਹੋਇਆ ਸੀ ਅਤੇ ਸੜਕ ਬੰਦ ਹੋ ਗਈ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਓਡੇਸਾ ’ਚ ਉਨ੍ਹਾਂ ਦੇ ਮੁਲਕ ਖ਼ਿਲਾਫ਼ ਦਹਿਸ਼ਤੀ ਕਾਰਵਾਈਆਂ ਦੀ ਯੋਜਨਾ ਘੜੀ ਜਾ ਰਹੀ ਸੀ ਜਿਸ ਕਾਰਨ ਫ਼ੌਜ ਨੇ ਉਥੇ ਹਮਲੇ ਕੀਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਥੇ ਵਿਦੇਸ਼ੀ ਮਰਜੀਵੜੇ ਸਨ ਜਿਸ ਕਾਰਨ ਸਮੁੰਦਰ ਅਤੇ ਆਕਾਸ਼ ਰਾਹੀਂ ਹਮਲੇ ਕੀਤੇ ਗਏ। ਇਸ ਤੋਂ ਪਹਿਲਾਂ ਯੂਕਰੇਨ ਦੇ ਖੇਤੀਬਾੜੀ ਮੰਤਰਾਲੇ ਨੇ ਦਾਅਵਾ ਕੀਤਾ ਸੀ ਕਿ ਰੂਸੀ ਹਮਲਿਆਂ ’ਚ ਓਡੇਸਾ ਅਤੇ ਨੇੜਲੇ ਚੋਰਨੋਮੋਰਸਕ ’ਚ 60 ਹਜ਼ਾਰ ਟਨ ਅਨਾਜ ਬਰਬਾਦ ਹੋ ਗਿਆ ਹੈ। -ਏਪੀ