ਹਰਜੀਤ ਲਸਾੜਾ
ਬ੍ਰਿਸਬਨ, 15 ਅਪਰੈਲ
ਆਸਟਰੇਲੀਆ ਦੀ ਸੰਘੀ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਇਕੱਲਾ ਕੋਵਿਡ-19 ਟੀਕਾਕਰਨ ਦੇਸ਼ ਦੀਆਂ ਕੌਮਾਂਤਰੀ ਸਰਹੱਦਾਂ ਨੂੰ ਖੋਲ੍ਹਣ ਲਈ ਕਾਫ਼ੀ ਨਹੀਂ ਹੈ।
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਟੀਕਾ ਮੁਹਿੰਮਾਂ ਦੇ ਵਧਣ ਨਾਲ ਬਹੁਤ ਸਾਰੇ ਲੋਕ ਉਮੀਦ ਵਿੱਚ ਸਨ ਕਿ ਟੀਕਾਕਰਨ ਇੱਕ ਅਜਿਹੀ ਕੁੰਜੀ ਹੋਵੇਗੀ ਜੋ ਦੇਸ਼ ਦੀਆਂ ਸਰਹੱਦਾਂ ਨੂੰ ਦੁਨੀਆਂ ਦੇ ਬਾਕੀ ਹਿੱਸਿਆਂ ਨਾਲ ਖੋਲ੍ਹ ਦੇਵੇਗੀ ਅਤੇ ਉਨ੍ਹਾਂ ਨੂੰ ਮਹਾਮਾਰੀ ਦੇ ਪਹਿਲੇ ਦਿਨਾਂ ਵਾਂਗ ਵੱਖਰੀ ਮੁਕਤ ਯਾਤਰਾ ਕਰਨ ਦੀ ਆਗਿਆ ਦੇਵੇਗੀ। ਉਨ੍ਹਾਂ ਕਿਹਾ ਕਿਉਂਕਿ, ਸਮੁੱਚਾ ਵਿਸ਼ਵ ਫਿਰ ਤੋਂ ਕੋਵਿਡ ਮਹਾਮਾਰੀ ਦੀ ਗ੍ਰਿਫ਼ਤ ਵਿੱਚ ਹੈ ਅਤੇ ਕੌਮਾਂਤਰੀ ਯਾਤਰਾ ਸ਼ੁਰੂ ਕਰਨ ਲਈ ਵਿਆਪਕ ਟੀਕਾਕਰਨ ਦੀਆਂ ਮੁਹਿੰਮਾਂ ਕਾਫ਼ੀ ਨਹੀਂ ਹਨ। ਇਸ ਲਈ ਕੌਮਾਂਤਰੀ ਉਡਾਣਾਂ ਅਤੇ ਯਾਤਰਾ ਦੀਆਂ ਪਾਬੰਦੀਆਂ ਉਮੀਦ ਤੋਂ ਵੀ ਜ਼ਿਆਦਾ ਲੰਬੇ ਸਮੇਂ ਲਈ ਰਹਿ ਸਕਦੀਆਂ ਹਨ।
ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ, ‘ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਸਰਹੱਦਾਂ ਦੁਬਾਰਾ ਖੁੱਲ੍ਹ ਸਕਦੀਆਂ ਹਨ। ਭਾਵੇਂਕਿ ਪੂਰੇ ਦੇਸ਼ ਵਿੱਚ ਵਾਇਰਸ ਖ਼ਿਲਾਫ਼ ਟੀਕੇ ਲਾਏ ਜਾ ਰਹੇ ਹਨ, ਪਰ ਟੀਕਾਕਰਨ ਹੀ ਕੋਈ ਗਾਰੰਟੀ ਨਹੀਂ ਹੈ ਕਿ ਅਸੀਂ ਸਰਹੱਦਾਂ ਨੂੰ ਖੋਲ੍ਹ ਸਕੀਏ। ਸਾਨੂੰ ਅਜੇ ਵੀ ਵੱਖ-ਵੱਖ ਕਾਰਕਾਂ ਦੀ ਲੜੀ ਵੇਖਣੀ ਪਏਗੀ ਜਿਵੇਂ ਸੰਚਾਰ, ਲੰਬੀ ਉਮਰ (ਟੀਕਿਆਂ ਤੋਂ ਬਚਾਅ), ਵਿਸ਼ਵਵਿਆਪੀ ਪ੍ਰਭਾਵ ਅਤੇ ਇਹ ਉਹ ਕਾਰਕ ਹਨ ਜਿਨ੍ਹਾਂ ਬਾਰੇ ਦੁਨੀਆਂ ਲਗਾਤਾਰ ਸਿੱਖ ਰਹੀ ਹੈ।’ ਦੱਸਣਯੋਗ ਹੈ ਕਿ ਟਰਾਂਸ-ਟੈਸਮੈਨ ਸਮਝੌਤੇ ਤਹਿਤ ਅਗਲੇ ਹਫ਼ਤੇ ਨਿਊਜ਼ੀਲੈਂਡ-ਆਸਟਰੇਲੀਆ ਵਿਚਾਲੇ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ। ਪਰ ਆਸਟਰੇਲਿਆਈ ਮੈਡੀਕਲ ਐਸੋਸੀਏਸ਼ਨ ਦੇ ਉਪ-ਪ੍ਰਧਾਨ ਡਾ. ਕ੍ਰਿਸ ਮਯੋ ਦਾ ਕਹਿਣਾ ਹੈ ਕਿ ਇਕੱਲੇ ਆਸਟਰੇਲੀਆ ਵਿੱਚ ਵਿਆਪਕ ਟੀਕਾਕਰਨ ਦੀ ਮੁਹਿੰਮ ਸਰਹੱਦਾਂ ਨੂੰ ਮੁੜ ਖੋਲ੍ਹਣ ਦੇ ਯੋਗ ਨਹੀਂ ਕਰ ਸਕਦੀ, ਕਿਉਂਕਿ ਟੀਕਿਆਂ ਬਾਰੇ ਚੱਲ ਰਹੀਆਂ ਬੇਯਕੀਨੀਆਂ ਅਤੇ ਸਮਰੱਥਾ ਅਜੇ ਵੀ ਵੱਡਾ ਸੁਆਲ ਹੈ।