ਕੰਪਾਲਾ (ਯੂਗਾਂਡਾ), 15 ਮਾਰਚ
ਯੂਗਾਂਡਾ ਦੇ ਵਿਰੋਧੀ ਨੇਤਾ ਬੌਬੀ ਵਾਈਨ (ਕਯਾਗੁਲਾਨਈ ਸਸੇਤਾਂਮੂ) ਨੂੰ ਰਾਜਧਾਨੀ ਕੰਪਾਲਾ ’ਚ ਇੱਕ ਮੁਜ਼ਾਹਰੇ ਦੀ ਅਗਵਾਈ ਕਰਦੇ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ। ‘ਦਿ ਡੇਲੀ ਮੌਨੀਟਰ’ ਨੇ ਗ੍ਰਿਫ਼ਤਾਰੀ ਮੌਕੇ ਦੀ ਇੱਕ ਤਸਵੀਰ ਛਾਪੀ ਹੈ ਜਿਸ ਵਿੱਚ ਪੁਲੀਸ ਵੱਲੋਂ ਵਾਈਨ ਨੂੰ ਲਿਜਾਇਆ ਜਾ ਰਿਹਾ ਹੈ ਅਤੇ ਉਸ ਦੇ ਹੱਥਾਂ ਦੇ ਵਿੱਚ ‘ਸਾਡੇ ਲੋਕ ਵਾਪਸ ਕਰੋ’ ਨਾਅਰੇ ਵਾਲ ਪੋਸਟਰ ਫੜਿਆ ਹੋਇਆ ਹੈ। ਵਾਈਨ, ਜੋ ਇੱਕ ਗਾਇਕ ਤੋਂ ਕਾਨੂੰਨਸਾਜ਼ ਬਣਿਆ, ਦਾ ਅਸਲੀ ਨਾਂ ਕਯਾਗੁਲਾਨਈ ਸਸੇਤਾਂਮੂ ਹੈ। ਵਾਈਨ ਵੱਲੋਂ ਆਪਣੇ ਸਮਰਥਕਾਂ ਦੀ ਰਿਹਾਈ ਲਈ ਮੁਜ਼ਾਹਰੇ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਜਨਵਰੀ ਮਹੀਨੇ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ, ਚੋਣਾਂ ਦੌਰਾਨ ਅਤੇ ਚੋਣਾਂ ਤੋਂ ਬਾਅਦ ’ਚ ਫੜਿਆ ਗਿਆ ਸੀ। ਉਸ ਨੇ ਚੋਣਾਂ ’ਚ ਲੰਬੇ ਸਮੇਂ ਤੋਂ ਨੇਤਾ ਯੋਵੇਰੀ ਮੁਸੇਵੇਨੀ ਨੂੰ ਚੁਣੌਤੀ ਦਿੱਤੀ ਸੀ। ਚੋਣਾਂ ਵਿੱਚ ਮੁਸੇਵੇਨੀ ਜੇਤੂ ਰਿਹਾ ਪਰ ਵਾਈਨ ਨੇ ਨਤੀਜੇ ’ਚ ਧੋਖਾਧੜੀ ਦਾ ਦੋਸ਼ ਲਾਉਂਦਿਆਂ ਦਾਅਵਾ ਕੀਤਾ ਸੀ ਕਿ ਚੋਣ ’ਚ ਉਸ ਦੀ ਜਿੱਤ ਹੋਈ ਸੀ। ਅਧਿਕਾਰੀਆਂ ਵੱਲੋਂ ਦੋਸ਼ ਲਾਇਆ ਗਿਆ ਕਿ ਵਾਈਨ ਹਿੰਸਕ ਮੁਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਵਾਈਨ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਅਹਿੰਸਕ ਮੁਜ਼ਾਹਰੇ ਦੀ ਅਗਵਾਈ ਕਰ ਰਿਹਾ ਸੀ