ਲੰਡਨ, 12 ਜੁਲਾਈ
ਯੂਰੋਪੀਅਨ ਯੂਨੀਅਨ ਦੇ ਇਕ ਖ਼ਪਤਕਾਰ ਗਰੁੱਪ ਨੇ ਸ਼ਿਕਾਇਤ ਕੀਤੀ ਹੈ ਕਿ ਵਟਸਐਪ ਲੋਕਾਂ ਨੂੰ ਗਲਤ ਤਰੀਕੇ ਨਾਲ ਨਵੀਂ ਨਿੱਜਤਾ ਨੀਤੀ ਅਪਡੇਟ ਕਰਨ ਲਈ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਯੂਰੋਪ ਦੇ ਕਾਨੂੰਨ ਮੁਤਾਬਕ ਨਹੀਂ ਹੈ। ਯੂਰੋਪੀਅਨ ਖ਼ਪਤਕਾਰ ਸੰਗਠਨ (ਬੀਈਯੂਸੀ) ਨੇ ਕਿਹਾ ਹੈ ਕਿ ਨਵੀਂ ਨੀਤੀ ਪਾਰਦਰਸ਼ੀ ਨਹੀਂ ਹੈ ਤੇ ਇਸ ਬਾਰੇ ਯੂਜ਼ਰ ਨੂੰ ਸਮਝ ਨਹੀਂ ਲੱਗ ਰਹੀ। ਬਹੁਤ ਸਾਰੇ ਵਟਸਐਪ ਖ਼ਪਤਕਾਰ ‘ਸਿਗਨਲ’ ਤੇ ‘ਟੈਲੀਗ੍ਰਾਮ’ ਵਰਗੀਆਂ ਐਪਸ ’ਤੇ ਜਾ ਰਹੇ ਹਨ। ਇਸ ਗੱਲ ਦਾ ਖ਼ਦਸ਼ਾ ਜਤਾਇਆ ਗਿਆ ਹੈ ਕਿ ਵਟਸਐਪ ਦੀ ਨਵੀਂ ਨੀਤੀ ਫੇਸਬੁੱਕ ਨੂੰ ਖ਼ਪਤਕਾਰਾਂ ਬਾਰੇ ਲੋੜੋਂ ਵੱਧ ਸੂਚਨਾ ਤੱਕ ਪਹੁੰਚ ਦੇਵੇਗੀ। ਸੰਗਠਨ ਨੇ ਕਿਹਾ ਕਿ ਯੂਜ਼ਰ ਨੂੰ ਲਗਾਤਾਰ ਸੁਨੇਹੇ ਮਿਲ ਰਹੇ ਹਨ ਕਿ ਜੇ ਉਸ ਨੇ ਨਵੀਂ ਨੀਤੀ ਸਵੀਕਾਰ ਨਹੀਂ ਕੀਤੀ ਤਾਂ ਐਪ ਤੱਕ ਉਸ ਦੀ ਪਹੁੰਚ ਸੀਮਤ ਕਰ ਦਿੱਤੀ ਜਾਵੇਗੀ। ਕਈਆਂ ਨੂੰ ਨਹੀਂ ਪਤਾ ਕਿ ਉਹ ਕਿਸ ਚੀਜ਼ ਦੀ ਇਜਾਜ਼ਤ ਦੇ ਰਹੇ ਹਨ। ਬੀਈਯੂਸੀ ਤੇ ਅੱਠ ਮੁਲਕਾਂ ਦੇ ਖ਼ਪਤਕਾਰ ਹੱਕਾਂ ਬਾਰੇ ਸੰਗਠਨਾਂ ਨੇ ਸ਼ਿਕਾਇਤ ਯੂਰੋਪੀਅਨ ਯੂਨੀਅਨ ਦੇ ਕਾਰਜਕਾਰੀ ਕਮਿਸ਼ਨ ਤੇ ਯੂਰੋਪੀਅਨ ਬਲਾਕ ਦੀ ਖ਼ਪਤਕਾਰ ਅਥਾਰਿਟੀ ਨੂੰ ਦਿੱਤੀ ਹੈ। -ਏਪੀ