ਯੋਰੋਸ਼ਲਮ, 24 ਅਗਸਤ
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਆਸ ਜਤਾਈ ਹੈ ਕਿ ਹੋਰ ਅਰਬ ਮੁਲਕ ਵੀ ਇਜ਼ਰਾਈਲ ਨਾਲ ਕੂਟਨੀਤਕ ਰਿਸ਼ਤੇ ਸਥਾਪਤ ਕਰਨਗੇ। ਮੱਧ ਪੂਰਬ ਦੇ ਦੌਰੇ ਦਾ ਅੱਜ ਆਗਾਜ਼ ਕਰਦਿਆਂ ਪੌਂਪੀਓ ਨੇ ਟਰੰਪ ਪ੍ਰਸ਼ਾਸਨ ਵੱਲੋਂ ਅਰਬ-ਇਜ਼ਰਾਈਲ ਸ਼ਾਂਤੀ ਵਾਰਤਾ ਦੀ ਪਹਿਲਕਦਮੀ ਨੂੰ ਤੇਜ਼ ਕਰ ਦਿੱਤਾ ਹੈ। ਪੌਂਪੀਓ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਸਾਂਝੀ ਪ੍ਰੈੱਸ ਕਾਨਫਰੰਸ ’ਚ ਆਸ ਜਤਾਈ ਕਿ ਹੋਰ ਅਰਬ ਮੁਲਕ ਵੀ ਇਜ਼ਰਾਈਲ ਨਾਲ ਜੁੜਨਗੇ। ਉਨ੍ਹਾਂ ਕਿਹਾ ਕਿ ਅਰਬ ਮੁਲਕਾਂ ਦੇ ਇਜ਼ਰਾਈਲ ਨਾਲ ਰਲ ਕੇ ਕੰਮ ਕਰਨ ’ਤੇ ਮੱਧ ਪੂਰਬ ’ਚ ਸਥਿਰਤਾ ਆਵੇਗੀ ਅਤੇ ਲੋਕਾਂ ਦੇ ਜੀਵਨ ’ਚ ਵੀ ਸੁਧਾਰ ਹੋਵੇਗਾ। ਇਸ ਮਹੀਨੇ ਦੇ ਸ਼ੁਰੂ ’ਚ ਅਮਰੀਕਾ, ਇਜ਼ਰਾਈਲ ਅਤੇ ਯੂਏਈ ਨੇ ਕੂਟਨੀਤਕ ਸਬੰਧ ਸਥਾਪਤ ਕਰਨ ਦਾ ਐਲਾਨ ਕੀਤਾ ਸੀ। ਪੌਂਪੀਓ ਇਜ਼ਰਾਈਲ ਤੋਂ ਬਾਅਦ ਯੂਏਈ ਅਤੇ ਬਹਿਰੀਨ ਦੇ ਦੌਰੇ ’ਤੇ ਵੀ ਜਾਣਗੇ।
-ਏਪੀ