ਟੋਰੰਟੋ, 7 ਫਰਵਰੀ
ਓਟਵਾ ਵਿਚ ਕੋਵਿਡ-19 ਸਬੰਧੀ ਪਾਬੰਦੀਆਂ ਖ਼ਿਲਾਫ਼ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਕੈਨੇਡਾ ਦੀ ਰਾਜਧਾਨੀ ਓਟਵਾ ਦੇ ਮੇਅਰ ਜਿਮ ਵਾਟਸਨ ਨੇ ਐਤਵਾਰ ਨੂੰ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਇਸ ਦਰਮਿਆਨ ਕੈਨੇਡਾ ਵਿਚ ਅਮਰੀਕਾ ਦੇ ਇਕ ਸਾਬਕਾ ਰਾਜਦੂਤ ਨੇ ਕਿਹਾ ਕਿ ਅਮਰੀਕੀ ਸਮੂਹਾਂ ਨੂੰ ਕੈਨੇਡਾ ਦੇ ਘਰੇਲੂ ਮਾਮਲਿਆਂ ਵਿਚ ਦਖ਼ਲ ਦੇਣਾ ਬੰਦ ਕਰਨਾ ਚਾਹੀਦਾ ਹੈ।
ਮੇਅਰ ਜਿਮ ਵਾਟਸਨ ਨੇ ਕਿਹਾ ਕਿ ਇਹ ਐਲਾਨ ਸਰਕਾਰ ਦੇ ਵੱਖ-ਵੱਖ ਪੱਧਰਾਂ ਤੋਂ ਸਹਿਯੋਗ ਦੀ ਲੋੜ ਨੂੰ ਉਜਾਗਰ ਕਰਦਾ ਹੈ। ਇਸ ਨਾਲ ਸੇਵਾਵਾਂ ਦੀ ਖ਼ਰੀਦਦਾਰੀ ਅਤੇ ਸਪਲਾਈ ਲਈ ਵਾਧੂ ਸਹਿਯੋਗ ਮਿਲੇਗਾ, ਜਿਸ ਨਾਲ ਕੋਵਿਡ ਖ਼ਿਲਾਫ਼ ਮੂਹਰਲੀ ਕਤਾਰ ਵਿਚ ਹੋ ਕੇ ਲੜ ਰਹੇ ਕਾਮਿਆਂ ਲਈ ਲੋੜੀਂਦੇ ਉਪਕਰਨ ਖਰੀਦਣ ਵਿਚ ਮਦਦ ਮਿਲ ਸਕਦੀ ਹੈ। ਓਟਵਾ ਵਿਚ ਹਫ਼ਤੇ ਦੇ ਅਖ਼ੀਰ ਵਿਚ ਮੁੜ ਤੋਂ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ ’ਤੇ ਉਤਰ ਆਏ। ਸ਼ਹਿਰ ਵਿਚ ਪਿਛਲੇ ਹਫ਼ਤੇ ਦੇ ਅਖੀਰ ਤੋਂ ਲੋਕ ਪ੍ਰਦਰਸ਼ਨ ਕਰ ਰਹੇ ਹਨ। -ਏਪੀ