ਓਟਵਾ, 16 ਫਰਵਰੀ
ਕੈਨੇਡਾ ਵਿੱਚ ਕੋਵਿਡ-19 ਪਾਬੰਦੀਆਂ ਖਿਲਾਫ਼ ਟਰੱਕ ਡਰਾਈਵਰਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦਰਮਿਆਨ ਓਟਵਾ ਪੁਲੀਸ ਮੁਖੀ ਪੀਟਰ ਸਲੋਲੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਪਿਛਲੇ ਦੋ ਹਫ਼ਤਿਆਂ ਤੋਂ ਜਾਰੀ ਰੋਸ ਪ੍ਰਦਰਸ਼ਨਾਂ ਕਰਕੇ ਕੈਨੇਡਾ ਦੀ ਰਾਜਧਾਨੀ ਵਿੱਚ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ। ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਹੁਣ ਤੱਕ ਕੋਈ ਕਾਰਵਾਈ ਨਾ ਹੋਣ ਕਰਕੇ ਓਟਵਾ ਪੁਲੀਸ ਮੁਖੀ ਦੀ ਨੁਕਤਾਚੀਨੀ ਹੋ ਰਹੀ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਅਮਰੀਕੀ ਸਰਹੱਦ ’ਤੇ ਲਾਈਆਂ ਰੋਕਾਂ ਦੀ ਗਿਣਤੀ ਘਟ ਕੇ ਇਕ ਰਹਿ ਗਈ ਹੈ।
ਪੁਲੀਸ ਮੁਖੀ ਨੂੰ ਅਹੁਦੇ ਤੋਂ ਲਾਂਭੇ ਕਰਨਾ ਤੇ ਰੋਕਾਂ ਦੀ ਗਿਣਤੀ ਘਟਾਉਣ ਦੀਆਂ ਇਹ ਦੋਵੇਂ ਘਟਨਾਵਾਂ ਅਜਿਹੇ ਮੌਕੇ ਸਾਹਮਣੇ ਆਈਆਂ ਹਨ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਐਮਰਜੈਂਸੀਜ਼ ਐਕਟ ਲਾਉਣ ਤੇ ਓਟਵਾ ਵਿੱਚ ਜਾਰੀ ਅਸ਼ਾਂਤੀ ਤੇ ਫ਼ਸਾਦ ਨੂੰ ਖ਼ਤਮ ਕਰਨ ਲਈ ਸਖ਼ਤ ਕਾਨੂੰਨੀ ਤੇ ਆਰਥਿਕ ਉਪਰਾਲੇ ਕਰਨ ਦੀ ਧਮਕੀ ਦਿੱਤੀ ਹੈ। ਐਮਰਜੈਂਸੀ ਐਕਟ ਤਹਿਤ ਸਰਕਾਰ ਟਰੱਕ ਡਰਾਈਵਰਾਂ ਦੇ ਬੈਂਕ ਖਾਤਿਆਂ ਨੂੰ ਜਾਮ ਕਰਨ ਦੇ ਨਾਲ ਉਨ੍ਹਾਂ ਦੇ ਲਾਇਸੈਂਸ ਮੁਅੱਤਲ ਕਰ ਸਕਦੀ ਹੈ। ਇਹੀ ਨਹੀਂ ਐਕਟ ਵਿੱਚ ਟਰੱਕ ਨੂੰ ਟੋਅ ਕਰਨ ਦੀ ਵੀ ਵਿਵਸਥਾ ਹੈ।
ਟਰੱਕ ਡਰਾਈਵਰਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ, ਜਿਸ ਨੂੰ ਫਰੀਡਮ ਕੋਨਵਾਏ ਭਾਵ ‘ਆਜ਼ਾਦੀ ਦੇ ਕਾਫ਼ਲੇ’ ਦਾ ਨਾਂ ਦਿੱਤਾ ਗਿਆ ਹੈ, ਖਿਲਾਫ਼ ਕਈ ਸਥਾਨਕ ਲੋਕਾਂ ਨੇ ਸ਼ਿਕਾਇਤ ਕੀਤੀ ਹੈ। ਸਥਾਨਕ ਬਾਸ਼ਿੰਦਿਆਂ ਨੇ ਸ਼ਿਕਾਇਤ ਵਿੱਚ ਟਰੱਕ ਡਰਾਈਵਰਾਂ ਵੱਲੋਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਤੇ ਸੜਕਾਂ ’ਤੇ ਡਰਾਉਣ ਧਮਕਾਉਣ ਦਾ ਦਾਅਵਾ ਕੀਤਾ ਹੈ। ਓਟਵਾ ਪੁਲੀਸ ਸੇਵਾਵਾਂ ਬੋਰਡ ਦੀ ਪ੍ਰਧਾਨ ਡਾਇਨਾ ਡੀਨਜ਼ ਨੇ ਸਲੋਲੀ ਨੂੰ ਅਹੁਦੇ ਤੋਂ ਹਟਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਡਾਊਨਟਾਊਨ ਨੂੰ ਵੱਡੀਆਂ ਸਕਰੀਨਾਂ, ਹੌਟ ਟੱਬ ਤੇ ਆਊਟਡੋਰ ਜਿਮਾਂ ਨਾਲ ਸਟਰੀਟ ਪਾਰਟੀ ਵਿੱਚ ਤਬਦੀਲ ਕਰ ਦਿੱਤਾ ਹੈ। ਅਥਾਰਿਟੀਜ਼ ਨੇ ਕਿਹਾ ਕਿ ਉੱਤਰੀ ਡਕੋਟਾ ਦੇ ਦੂਜੇ ਪਾਸੇ ਮੈਨੀਟੋਬਾ ਐਮਰਸਨ ਨਾਲ ਲੱਗਦੀ ਸਰਹੱਦ ’ਤੇ ਪ੍ਰਦਰਸ਼ਨਕਾਰੀਆਂ ਵੱਲੋਂ ਲਾਈ ਇਕੋ-ਇਕ ਰੋਕ ਰਹਿ ਗਈ ਹੈ। ਪੁਲੀਸ ਮੁਤਾਬਕ ਬੁੱਧਵਾਰ ਤੱਕ ਪ੍ਰਦਰਸ਼ਨਕਾਰੀ ਘਰਾਂ ਨੂੰ ਮੁੜ ਜਾਣਗੇ। ਉਧਰ ਸਲੋਲੀ ਨੇ ਇਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੇ ਸ਼ਹਿਰ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਉਨ੍ਹਾਂ ਟਰੱਕ ਡਰਾਈਵਰਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ‘ਬੇਮਿਸਾਲ ਤੇ ਅਣਕਿਆਸਿਆ ਸੰਕਟ’ ਕਰਾਰ ਦਿੱਤਾ। -ਏਪੀ