ਵਾਸ਼ਿੰਗਟਨ, 2 ਅਕਤੂਬਰ
ਅਮਰੀਕਾ ਵਿੱਚ ਰਹਿੰਦੇ 42 ਲੱਖ ਭਾਰਤੀ-ਅਮਰੀਕੀਆਂ ’ਚੋਂ ਅਨੁਮਾਨਿਤ 6.5 ਫੀਸਦ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਤੇ ਕੋਵਿਡ-19 ਮਹਾਮਾਰੀ ਕਰਕੇ ਭਾਈਚਾਰੇ ਵਿੱਚ ਗ਼ਰੀਬੀ ਵਧਣ ਦਾ ਖ਼ਦਸ਼ਾ ਹੈ। ਇਹ ਦਾਅਵਾ ਜੌਹਨ ਹੌਪਕਿਨਜ਼ ਪੌਲ ਨਾਈਟ ਸਕੂਲ ਆਫ਼ ਐਡਵਾਂਸਡ ਇੰਟਰਨੈਸ਼ਨਲ ਸਟੱਡੀਜ਼ ਦੇ ਦੇਵੇਸ਼ ਕਪੂਰ ਤੇ ਜਸ਼ਨ ਬਾਜਵਾਤ ਵਲੋਂ ‘ਭਾਰਤੀ ਅਮਰੀਕੀ ਆਬਾਦੀ ਵਿੱਚ ਗਰੀਬੀ’ ਵਿਸ਼ੇ ’ਤੇ ਕੀਤੀ ਹਾਲੀਆ ਖੋਜ ਦੇ ਨਤੀਜਿਆਂ ’ਤੇ ਅਧਾਰਿਤ ਹੈ। ਨਤੀਜੇ ਵੀਰਵਾਰ ਨੂੰ ਭਾਰਤੀ ਪਰਵਾਸੀ ਭਾਈਚਾਰੇ (ਇੰਡੀਆਜ਼ਪੋਰਾ) ਦੇ ਇਕ ਸਮਾਗਮ ਦੌਰਾਨ ਜਾਰੀ ਕੀਤੇ ਗਏ। ਕਪੂਰ ਨੇ ਕਿਹਾ ਕਿ ਬੰਗਾਲੀ ਤੇ ਪੰਜਾਬੀ ਬੋਲਦੇ ਭਾਰਤੀ ਅਮਰੀਕੀ ਵਧੇਰੇ ਗਰੀਬ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਇਕ ਤਿਹਾਈ ਕੋਲ ਕੰਮ ਨਹੀਂ ਤੇ ਤਕਰੀਬਨ ਪੰਜਵਾਂ ਹਿੱਸਾ ਭਾਵ 20 ਪ੍ਰਤੀਸ਼ਤ ਕੋਲ ਅਮਰੀਕਾ ਦੀ ਨਾਗਰਿਕਤਾ ਵੀ ਨਹੀਂ ਹੈ। ਇੰਡੀਆਜ਼ਪੋਰਾ ਦੇ ਬਾਨੀ ਐੱਮ.ਆਰ.ਰੰਗਾਸਵਾਮੀ ਨੇ ਕਿਹਾ ਕਿ ਉਹ ਇਸ ਰਿਪੋਰਟ ਰਾਹੀਂ ਵਿਸ਼ੇਸ਼ ਅਧਿਕਾਰਾਂ ਤੋਂ ਵਿਹੂਣੇ ਭਾਰਤੀ-ਅਮਰੀਕੀਆਂ ਦੀਆਂ ਮੁਸ਼ਕਲਾਂ ਤੇ ਹਾਲਾਤ ਵੱਲ ਧਿਆਨ ਦਿਵਾਉਣਾ ਚਾਹੁੰਦੇ ਹਨ। ਕਪੂਰ ਮੁਤਾਬਕ ਰਿਪੋਰਟ ਵਿੱਚ ਭਾਰਤੀ ਅਮਰੀਕੀ ਭਾਈਚਾਰੇ ਦੀ ਆਬਾਦੀ ਬਾਰੇ ਤਫ਼ਸੀਲ ’ਚ ਸਮੀਖਿਆ ਕੀਤੀ ਗਈ ਹੈ ਤੇ ਗਰੀਬੀ ਵਿੱਚ ਰਹਿਣ ਵਾਲੇ ਗੋਰੇ, ਸਿਆਹਫ਼ਾਮ ਤੇ ਹਿਸਪੈਨਿਕ ਅਮਰੀਕੀਆਂ ਦੇ ਮੁਕਾਬਲੇ ਭਾਰਤੀ ਅਮਰੀਕੀਆਂ ਦੀ ਗਿਣਤੀ ਅਜੇ ਵੀ ਘੱਟ ਹੈ।
-ਪੀਟੀਆਈ