ਹਰਜੀਤ ਲਸਾੜਾ
ਬ੍ਰਿਸਬਨ, 2 ਸਤੰਬਰ
ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਦੇ ਨਿਵਾਸੀ ਵਾਤਾਵਰਨ ਪ੍ਰੇਮੀ, ਉੱਘੇ ਕਵੀ ਅਤੇ ਗੀਤਕਾਰ ਸੁਰਜੀਤ ਸੰਧੂ ਲਿਖਤ ਕਵਿਤਾ ‘ਕੁਦਰਤ’ ਸਮੂਹ ਵਾਤਾਵਰਨ ਪ੍ਰੇਮੀਆਂ ਅਤੇ ਕਵਿਤਾ ਦੇ ਕਦਰਦਾਨਾਂ ’ਚ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਇਸ ਕਵਿਤਾ ਦਾ ਹਰ ਅਲਫਾਜ਼ ਵਾਕਿਆ ਹੀ ਰੂਹ ਨੂੰ ਝੰਜੋੜਨ ਵਾਲਾ ਹੈ ਅਤੇ ਮੌਜੂਦਾ ਸਮੇਂ ਵਾਤਾਵਰਨ ਪੱਖੋਂ ਪੰਜਾਬ ਦੀ ਲੋਕਾਈ ਲਈ ਸੁਨੇਹੇ ਬਾਬਤ ਹੈ। ਪੰਜਾਬ ਤੋਂ ਗਗਨਦੀਪ ਸਿੰਘ ਢਿੱਲੋਂ (ਪੇਂਟਰ) ਦੇ ਕਹਿਣ ਮੁਤਾਬਕ ਇਹ ਕਾਵਿ ਰਚਨਾ ਉਸਨੂੰ ਬਾਕਮਾਲ ਲੱਗੀ ਅਤੇ ਉਸਨੇ ਇਸਨੂੰ ਆਪਣੀ ਪੇਂਟਿੰਗ ’ਚ ਇਜ਼ਾਜਤ ਸਹਿਤ ਉਤਾਰ ਲਿਆ। ਅੱਜ ਇਹ ਕਾਵਿ ਪੇਂਟਿੰਗਾਂ ਸੰਗਰੂਰ-ਬਰਨਾਲਾ ਰੋਡ ’ਤੇ (ਜ਼ਿਲ੍ਹਾ ਬਰਨਾਲਾ) ਵਸੇ ਪਿੰਡ ਬਡਬਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀਆਂ ਕੰਧਾਂ ਦਾ ਸ਼ਿੰਗਾਰ ਹਨ। ਗਗਨਦੀਪ, ਬਡਬਰ ਦੇ ਨੇੜਲੇ ਪਿੰਡ ਭੈਣੀ ਮਹਿਰਾਜ (ਜ਼ਿਲ੍ਹਾ ਬਰਨਾਲਾ) ਦਾ ਰਹਿਣ ਵਾਲਾ ਹੈ ਅਤੇ ਮਾਲਵਾ ਪੇਂਟਰ ਐਸੋਸੀਏਸ਼ਨ ਸੰਗਰੂਰ ਵੱਲੋਂ ਸਰਕਾਰੀ ਸਕੂਲਾਂ ਨੂੰ ਵਧੀਆ ਰੰਗ-ਸਾਜ਼ਾਂ ਨਾਲ ਸ਼ਿੰਗਾਰਨ ਲਈ ਇਸ ਸੰਸਥਾ ਤਰਫੋਂ ਕੰਮ ਕਰਦਾ ਹੈ। ਇਹ ਸੰਸਥਾ ਪੰਜਾਬ ਵਿੱਚ ‘ਵਾਤਾਵਰਨ ਬਚਾਓ ਮੁਹਿੰਮ’ ਤਹਿਤ ਹਰ ਮਹੀਨੇ 35-40 ਪੇਂਟਰ ਲੋੜਵੰਦ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਮੁਫ਼ਤ ਪੇਂਟਿੰਗ ਸੇਵਾਵਾਂ ਲਈ ਪ੍ਰਦਾਨ ਕਰਦੀ ਹੈ।