ਲਾਹੌਰ, 14 ਅਪਰੈਲ
ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਸਲਾਮਿਕ ਕੱਟੜਵਾਦੀਆਂ ਵੱਲੋਂ ਕੀਤੇ ਜਾ ਰਹੇ ਹਿੰਸਕ ਰੋਸ ਮੁਜ਼ਾਹਰਿਆਂ ਨੂੰ ਰੋਕਣ ਲਈ ਹੁਣ ਨੀਮ ਫ਼ੌਜੀ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਰੋਸ ਮੁਜ਼ਾਹਰਿਆਂ ਦਾ ਸੱਦਾ ਤਹਿਰੀਕ-ਏ-ਲਬਾਇਕ ਪਾਕਿਸਤਾਨ (ਟੀਐਲਪੀ) ਨੇ ਦਿੱਤਾ ਹੈ। ਇਸ ਇਸਲਾਮਿਕ ਸੰਗਠਨ ਦੇ ਆਗੂ ਸਾਦ ਰਿਜ਼ਵੀ ਨੂੰ ਸੋਮਵਾਰ ਲਾਹੌਰ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਹ ਸੰਗਠਨ ਇਸਲਾਮ ਖ਼ਿਲਾਫ਼ ਕੁਫ਼ਰ ਤੋਲਣ ਦੇ ਮਾਮਲੇ ਵਿਚ ਰੋਸ ਪ੍ਰਗਟ ਕਰ ਰਿਹਾ ਹੈ। ਲਾਹੌਰ ਵਿਚ ਪੁਲੀਸ ਤੇ ਮੁਜ਼ਾਹਰਾਕਾਰੀਆਂ ਵਿਚਾਲੇ ਹੋਏ ਟਕਰਾਅ ਵਿਚ ਦੋ ਪੁਲੀਸ ਅਧਿਕਾਰੀ ਮਾਰੇ ਗਏ ਹਨ ਤੇ 125 ਫੱਟੜ ਹੋ ਗਏ ਹਨ। ਜ਼ਿਕਰਯੋਗ ਹੈ ਕਿ ਫਰਾਂਸ ਵਿਚ ਇਕ ਅਧਿਆਪਕ ਵੱਲੋਂ ਪਿਛਲੇ ਸਾਲ ਹਜ਼ਰਤ ਪੈਗੰਬਰ ਮੁਹੰਮਦ ਦਾ ਕਾਰਟੂਨ ਦਿਖਾਏ ਜਾਣ ’ਤੇ ਟੀਐਲਪੀ ਨੇ ਇਸਲਾਮਾਬਾਦ ਦੇ ਕਈ ਮਾਰਗ ਜਾਮ ਕਰ ਕੇ ਫਰਾਂਸੀਸੀ ਰਾਜਦੂਤ ਨੂੰ ਕੱਢਣ ਤੇ ਫਰਾਂਸੀਸੀ ਉਤਪਾਦਾਂ ਦੇ ਬਾਈਕਾਟ ਦੀ ਮੰਗ ਕੀਤੀ ਸੀ। ਸੰਗਠਨ ਦਾ ਇਸ ਬਾਰੇ ਸਰਕਾਰ ਨਾਲ ਸਮਝੌਤਾ ਵੀ ਹੋਇਆ ਸੀ। ਰਾਜਦੂਤ ਨੂੰ ਕੱਢਣ ਬਾਰੇ ਸੰਸਦੀ ਮਤਾ ਪਾਉਣ ਬਾਰੇ 20 ਅਪਰੈਲ ਦੀ ਤਰੀਕ ਮਿੱਥੀ ਗਈ ਸੀ। -ਰਾਇਟਰਜ਼
ਪਾਕਿਸਤਾਨ ਵੱਲੋਂ ਕੱਟੜਪੰਥੀ ਇਸਲਾਮਿਕ ਜਥੇਬੰਦੀ ’ਤੇ ਪਾਬੰਦੀ
ਇਸਲਾਮਾਬਾਦ/ਲਾਹੌਰ: ਪਾਕਿਸਤਾਨ ਨੇ ਇੱਕ ਕੱਟੜਪੰਥੀ ਇਸਲਾਮਿਕ ਜਥੇਬੰਦੀ ’ਤੇ ਪਾਬੰਦੀ ਲਗਾ ਦਿੱਤੀ ਹੈ। ਜਾਣਕਾਰੀ ਮੁਤਾਬਕ ਜਥੇਬੰਦੀ ਦੇ ਸਮਰਥਕਾਂ ਵੱਲੋਂ ਲਗਾਤਾਰ ਤੀਜੇ ਦਿਨ ਪੁਲੀਸ ਮੁਲਾਜ਼ਮਾਂ ਨਾਲ ਕੀਤੀ ਗਈ ਮੁੱਠਭੇੜ ਕਾਰਨ ਸੱਤ ਜਣੇ ਮਾਰੇ ਗਏ ਜਦਕਿ 300 ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਦੱਸਿਆ ਕਿ ‘ਤਹਿਰੀਕ-ਏ-ਲਾਬੈਕ ਪਾਕਿਸਤਾਨ’ (ਟੀਐੱਲਪੀ) ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। -ਪੀਟੀਆਈ