ਕਰਾਚੀ, 2 ਅਪਰੈਲ
ਪਾਕਿਸਤਾਨ ਦੇ ਸਹਿਵਾਨ (ਸਿੰਧ ਸੂਬਾ) ਸਥਿਤ ਲਾਲ ਸ਼ਾਹਬਾਜ਼ ਕਲੰਦਰ ਦੇ ਮਕਬਰੇ ’ਤੇ ਵੀਰਵਾਰ ਰਾਤ ਪੁਲੀਸ ਤੇ ਲੋਕਾਂ ਵਿਚਾਲੇ ਹੋਏ ਟਕਰਾਅ ਵਿਚ ਕਰੀਬ 50 ਜਣੇ ਫੱਟੜ ਹੋ ਗਏ। ਸੂਬਾ ਸਰਕਾਰ ਨੇ ਕਰੋਨਾਵਾਇਰਸ ਕਾਰਨ ਸਾਲਾਨਾ ਉਰਸ ਦੇ ਸਮਾਗਮਾਂ ਉਤੇ ਪਾਬੰਦੀ ਲਾ ਦਿੱਤੀ ਸੀ। ਜ਼ਖ਼ਮੀਆਂ ਵਿਚ ਪੁਲੀਸ ਕਰਮੀ ਵੀ ਸ਼ਾਮਲ ਹਨ। ਘਟਨਾ ਸਥਾਨ ਉਤੇ ਹੁਣ ਨੀਮ ਫ਼ੌਜੀ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਵੇਰਵਿਆਂ ਮੁਤਾਬਕ ਪਾਬੰਦੀਆਂ ਦੇ ਬਾਵਜੂਦ ਸੈਂਕੜੇ ਸ਼ਰਧਾਲੂ ਸਹਿਵਾਨ ਵਿਚ ਜੁੜੇ ਸਨ। ਉਨ੍ਹਾਂ ਸਰਕਾਰੀ ਪਾਬੰਦੀਆਂ ਦੀ ਉਲੰਘਣਾ ਕੀਤੀ ਤੇ ਮਕਬਰੇ ਦੇ ਅੰਦਰ ਦਾਖ਼ਲ ਹੋ ਗਏ। ਇਸੇ ਦੌਰਾਨ ਉਨ੍ਹਾਂ ਦੀ ਪੁਲੀਸ ਬਲ ਨਾਲ ਝੜਪ ਹੋ ਗਈ। ਜ਼ਿਕਰਯੋਗ ਹੈ ਕਿ ਸੂਫ਼ੀ ਸੰਤ ਲਾਲ ਸ਼ਾਹਬਾਜ਼ ਕਲੰਦਰ ਦਾ 769ਵਾਂ ਉਰਸ (ਬਰਸੀ) ਮਨਾਇਆ ਜਾ ਰਿਹਾ ਹੈ। ਜਮਸ਼ੋਰੋ ਦੇ ਡੀਸੀ ਫ਼ਰੀਦੂਦੀਨ ਮੁਸਤਫ਼ਾ ਨੇ ਕਿਹਾ ਕਿ ਜ਼ਿਆਦਾਤਰ ਲੋਕ ਸਿੰਧ ਦੇ ਬਾਹਰੋਂ ਆਏ ਸਨ ਤੇ ਉਨ੍ਹਾਂ ਨੂੰ ਪਾਬੰਦੀਆਂ ਬਾਰੇ ਜਾਣਕਾਰੀ ਨਹੀਂ ਸੀ। -ਪੀਟੀਆਈ