ਕਰਾਚੀ, 7 ਜੂਨ
ਪਾਕਿਸਤਾਨ ਦੇ ਸੂਬਾ ਸਿੰਧ ਵਿੱਚ ਅੱਜ ਦੋ ਯਾਤਰੀ ਰੇਲਗੱਡੀਆਂ ਦੀ ਟੱਕਰ ਕਾਰਨ 50 ਜਣਿਆਂ ਦੀ ਮੌਤ ਹੋ ਗਈ ਜਦਕਿ ਹਾਦਸੇ ’ਚ 100 ਤੋਂ ਵੱਧ ਹੋਰ ਜ਼ਖ਼ਮੀ ਵੀ ਹੋਏ ਹਨ। ਪ੍ਰਸ਼ਾਸਨ ਵੱਲੋਂ ਬਚਾਅ ਅਤੇ ਰਾਹਤ ਅਪਰੇਸ਼ਨਾਂ ਲਈ ਫ਼ੌਜ ਅਤੇ ਨੀਮ ਫ਼ੌਜੀ ਬਲਾਂ ਦੇ ਜਵਾਨਾਂ ਦੀ ਮਦਦ ਲਈ ਜਾ ਰਹੀ ਹੈ। ਪਾਕਿਸਤਾਨ ਰੇਲਵੇ ਦੇ ਇੱਕ ਤਰਜਮਾਨ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਰਾਚੀ ਤੋਂ ਸਰਗੋਧਾ ਜਾ ਰਹੀ ‘ਮਿੱਲਤ ਐਕਸਪ੍ਰੈੱਸ’ ਪੱਟੜੀ ਤੋਂ ਉੱਤਰਨ ਮਗਰੋਂ ਦੂੁਜੀ ਪੱਟੜੀ ’ਤੇ ਪਹੁੰਚ ਗਈ ਅਤੇ ਸਾਹਮਣਿਓਂ ਰਾਵਲਪਿੰਡੀ ਤੋਂ ਕਰਾਚੀ ਆ ਰਹੀ ਸਰ ਸਈਦ ਐੱਕਸਪ੍ਰੈੱਸ ਉਸ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਰੇਲਗੱਡੀਆਂ ਦੀ ਇਹ ਟੱਕਰ ਸੂਬਾ ਸਿੰਧ ਦੇ ਜ਼ਿਲ੍ਹਾ ਘੋਤਕੀ ਵਿੱਚ ਧਾਰਕੀ ਨਾਂ ਦੀ ਜਗ੍ਹਾ ਨੇੜੇ ਹੋਈ। ਉਨ੍ਹਾਂ ਮੁਤਾਬਕ ਘੋਤਕੀ, ਧਾਰਕੀ, ਓਬਾਰੋ ਅਤੇ ਮੀਰਪੁਰ ਮਥੈਲੋ ਦੇ ਹਸਪਤਾਲਾਂ, ਜਿੱਥੇ ਜ਼ਖ਼ਮੀਆਂ ਨੂੰ ਲਿਜਾਇਆ ਗਿਆ, ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਏਆਰਵਾਈ ਦੀ ਰਿਪੋਰਟ ’ਚ ਘੋਤਕੀ ਦੇ ਡਿਪਟੀ ਕਮਿਸ਼ਨਰ ਉਸਮਾਨ ਅਬਦੁੱਲਾ ਦੇ ਹਵਾਲੇ ਨਾਲ ਦੱਸਿਆ ਕਿ ਗਿਆ ਹਾਦਸੇ ’ਚ ਘੱਟੋ-ਘੱਟ 50 ਜਣਿਆਂ ਦੀ ਮੌਤ ਹੋ ਗਈ ਜਦਕਿ 100 ਜਣੇ ਜ਼ਖ਼ਮੀ ਹੋਏ ਹਨ। ਮ੍ਰਿਤਕਾਂ ਵਿੱੱਚ ਔਰਤਾਂ ਅਤੇ ਰੇਲਵੇ ਦੇ ਕੁਝ ਅਧਿਕਾਰੀ ਵੀ ਸ਼ਾਮਲ ਹਨ।
ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ, ‘ਭਿਆਨਕ ਰੇਲ ਹਾਦਸੇ ਨੇ ਉਨ੍ਹਾਂ ਨੂੰ ਹਿਲਾ ਦਿੱਤਾ ਹੈ।’ ਉਨ੍ਹਾਂ ਟਵੀਟ ਕੀਤਾ, ‘ਰੇਲਵੇ ਮੰਤਰੀ ਨੂੰ ਹਾਦਸੇ ਵਾਲੀ ਥਾਂ ’ਤੇ ਪਹੁੰਚਣ ਲਈ ਕਿਹਾ ਗਿਆ ਹੈ ਜਦਕਿ ਜ਼ਖ਼ਮੀਆਂ ਲਈ ਮੈਡੀਕਲ ਸਹੂਲਤ ਯਕੀਨੀ ਬਣਾਉਣ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਦੀ ਮਦਦ ਦੇ ਹੁਕਮ ਦਿੱਤੇ ਗਏ ਹਨ। ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਜਾ ਰਹੇ ਹਨ।’
ਸਰ ਸਈਦ ਐੱਕਸਪ੍ਰੈੱਸ ਰੇਲਗੱਡੀ ਦੇ ਡਰਾਈਵਰ ਐਜਾਜ਼ ਸ਼ਾਹ ਨੇ ਦੱਸਿਆ ਕਿ ਉਸ ਨੂੰ ਟੱਕਰ ਹੋਣ ਦੇ ਦੋ ਘੰਟੇ ਬਾਅਦ ਸਥਾਨਕ ਲੋਕਾਂ ਵੱਲੋਂ ਬਚਾਇਆ ਗਿਆ। ਰਿਪੋਰਟ ਮੁਤਾਬਕ ਸ਼ਾਹ ਨੇ ਦੱਸਿਆ ਕਿ ਰੇਲਗੱਡੀ ਘੱਟ ਰਫ਼ਤਾਰ ਨਾਲ ਜਾ ਰਹੀ ਸੀ ਤਾਂ ਉਸ ਨੇ ਅਚਾਨਕ ਮਿੱਲਤ ਐੱਕਸਪ੍ਰੈੱਸ ਦੇ ਡੱਬੇ ਪੱਟੜੀ ਤੋਂ ਲੱਥੇ ਹੋਏ ਦੇਖੇ। ਦੂਰੀ ਘੱਟ ਹੋਣ ਕਾਰਨ ਰੇਲਗੱਡੀ, ਮਿੱਲਤ ਐਕਸਪ੍ਰੈੱਸ ਦੇ ਪੱਟੜੀ ਤੋਂ ਲੱਥੇ ਡੱਬਿਆਂ ਨਾਲ ਟਕਰਾ ਗਈ।
ਘੋਤਕੀ ਦੇ ਡੀਸੀ ਨੇ ਜੀਓ ਨਿਊਜ਼ ਨੂੰ ਦੱਸਿਆ ਕਿ ਰੇਲਗੱਡੀ ਦੇ 13 ਤੋਂ 14 ਡੱਬੇ ਪੱਟੜੀ ਤੋਂ ਲੱਥ ਗਏ ਜਦਕਿ ਹਾਦਸੇ ’ਚ 6 ਤੋਂ 8 ਡੱਬੇ ਪੂਰੀ ਤਰ੍ਹਾਂ ਤਬਾਹ ਹੋ ਗਏ। ਉਨ੍ਹਾਂ ਦੱਸਿਆ ਗਿਆ ਕਿ ਬਚਾਅ ਕਾਰਜ ਚੱਲ ਰਹੇ ਹਨ ਅਤੇ ਮੂਧੇ ਹੋਏ ਡੱਬਿਆਂ ’ਚ ਫਸੇ ਯਾਤਰੀਆਂ ਨੂੰ ਬਚਾਉਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਮੁਤਾਬਕ ਦੋਵਾਂ ਰੇਲਗੱਡੀਆਂ ਵਿੱਚ ਇੱਕ ਹਜ਼ਾਰ ਤੋਂ ਵੱਧ ਯਾਤਰੀ ਸਵਾਰ ਸਨ। ਖ਼ਬਰ ਲਿਖੇ ਜਾਣ ਤੱਕ ਲੱਗਪਗ 20 ਯਾਤਰੀ ਹਾਲੇ ਵੀ ਡੱਬਿਆਂ ’ਚ ਫਸੇ ਹੋਏ ਸਨ। ਇਸੇ ਦੌਰਾਨ ਪ੍ਰਸ਼ਾਸਨ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਲਈ 15-15 ਲੱਖ ਰੁਪਏ ਐਕਸਗ੍ਰੇਸ਼ੀਆ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ। -ਪੀਟੀਆਈ