ਕਰਾਚੀ, 1 ਨਵੰਬਰ
ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ ’ਚ ਪੁਲੀਸ ਵੈਨ ਨੂੰ ਨਿਸ਼ਾਨਾ ਬਣਾ ਕੇ ਰਿਮੋਟ ਕੰਟਰੋਲ ਰਾਹੀਂ ਕੀਤੇ ਧਮਾਕੇ ’ਚ ਪੰਜ ਸਕੂਲੀ ਬੱਚਿਆਂ ਤੇ ਪੁਲੀਸ ਮੁਲਾਜ਼ਮ ਸਣੇ 9 ਵਿਅਕਤੀ ਮਾਰੇ ਗਏ, ਜਦਕਿ 17 ਜ਼ਖ਼ਮੀ ਹੋ ਗਏ। ਧਮਾਕਾ ਅੱਜ ਸਵੇਰੇ 8.35 ਵਜੇ ਮਾਸਤੁੰਗ ਜ਼ਿਲ੍ਹੇ ਦੇ ਸਿਵਲ ਹਸਪਤਾਲ ਚੌਕ ਵਿਖੇ ਲੜਕੀਆਂ ਦੇ ਹਾਈ ਸਕੂਲ ਨੇੜੇ ਹੋਇਆ। ਕਲਾਤ ਡਿਵੀਜ਼ਨ ਕਮਿਸ਼ਨਰ ਨਈਮ ਬਜ਼ਈ ਨੇ ਕਿਹਾ ਕਿ ਧਮਾਕੇ ’ਚ ਆਈਈਡੀ ਦੀ ਵਰਤੋਂ ਕੀਤੀ ਗਈ ਅਤੇ ਸਕੂਲ ਨੇੜੇ ਖੜ੍ਹੀ ਪੁਲੀਸ ਮੋਬਾਈਲ ਵੈਨ ਨਿਸ਼ਾਨੇ ’ਤੇ ਸੀ। ਆਈਈਡੀ ਮੋਟਰਸਾਈਕਲ ’ਤੇ ਰੱਖਿਆ ਹੋਇਆ ਸੀ ਅਤੇ ਜਿਵੇਂ ਹੀ ਪੁਲੀਸ ਵੈਨ ਉਥੇ ਪੁੱਜੀ ਤਾਂ ਧਮਾਕਾ ਹੋ ਗਿਆ। ਧਮਾਕੇ ’ਚ ਪੁਲੀਸ ਵੈਨ ਅਤੇ ਕਈ ਆਟੋ ਰਿਕਸ਼ਾ ਨੁਕਸਾਨੇ ਗਏ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਸਕੂਲ ਜਾ ਰਹੇ ਬੱਚੇ ਉਸ ਦੀ ਲਪੇਟ ’ਚ ਆ ਗਏ। ਜ਼ਖ਼ਮੀਆਂ ’ਚੋਂ 11 ਨੂੰ ਕੁਏਟਾ ਟਰੌਮਾ ਸੈਂਟਰ ’ਚ ਭੇਜਿਆ ਗਿਆ ਹੈ। ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫ਼ਰਾਜ਼ ਬੁਗਤੀ ਨੇ ‘ਐਕਸ’ ’ਤੇ ਧਮਾਕੇ ਦੀ ਨਿਖੇਧੀ ਕਰਦਿਆਂ ਇਸ ਨੂੰ ਗ਼ੈਰਮਨੁੱਖੀ ਕਾਰਾ ਕਰਾਰ ਦਿੱਤਾ ਹੈ। -ਪੀਟੀਆਈ