ਇਸਲਾਮਾਬਾਦ: ਪਾਕਿਸਤਾਨ ਦੀ ਅਤਿਵਾਦ ਵਿਰੋਧੀ ਅਦਾਲਤ ਨੇ ਅੱਜ ਮੁਲਕ ਦੇ ਅੰਦਰੂਨੀ ਮਾਮਿਲਆਂ ਨਾਲ ਸਬੰਧਿਤ ਮੰਤਰੀ ਰਾਣਾ ਸਨਾਉਲ੍ਹਾ ਖ਼ਿਲਾਫ਼ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕੀਤੇ ਹਨ। ਮੰਤਰੀ ‘ਤੇ ਨਿਆਂਇਕ ਪ੍ਰਕਿਰਿਆ ਵਿੱਚ ਵਿਘਨ ਪਾਉਣ ਅਤੇ ਅਧਿਕਾਰੀਆਂ ਨੂੰ ਧਮਕੀਆਂ ਦੇਣ ਦਾ ਦੋਸ਼ ਹੈ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਤੋਂ ਮਿਲੀ ਹੈ। ਜ਼ਿਕਰਯੋਗ ਹੈ ਕਿ ਇਹ ਕੇਸ ਸਨਾਉਲ੍ਹਾ ਖ਼ਿਲਾਫ਼ ਅਗਸਤ 2022 ਵਿੱਚ ਦਰਜ ਕੀਤਾ ਗਿਆ ਸੀ। ‘ਡਾਅਨ’ ਅਖਬਾਰ ਵਿੱਚ ਐਫਆਈਆਰ ਦੇ ਹਵਾਲੇ ਨਾਲ ਛਪੀ ਰਿਪੋਰਟ ਮੁਤਾਬਿਕ ਪਿਛਲੇ ਸਾਲ ਜਨਤਕ ਭਾਸ਼ਨਾਂ ਦੌਰਾਨ ਮੰਤਰੀ ਨੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਨੂੰ ਕਾਨੂੰਨੀ ਕਾਰਵਾਈ ਨਾ ਰੋਕਣ ‘ਤੇ ਉਨ੍ਹਾਂ ਦੇ ਬੱਚਿਆਂ ਨੂੰ ਮਾਰ ਦੇਣ ਦੀ ਧਮਕੀ ਦਿੱਤੀ ਸੀ। ਐਫਆਈਆਰ ਦੇ ਨਾਲ ਮੰਤਰੀ ਦੀਆਂ ਟਿੱਪਣੀਆਂ ਦੀ ਫੂਟੇਜ ਨੂੰ ਪੇਸ਼ ਕੀਤਾ ਗਿਆ ਸੀ ਜਿਸ ਨੂੰ ਇਕ ਪ੍ਰਾਈਵੇਟ ਚੈਨਲ ਨੇ ਪਿਛਲੇ ਸਾਲ ਚਲਾਇਆ ਸੀ। ਇੱਥੇ ਦੱਸਣਾ ਬਣਦਾ ਹੈ ਕਿ ਸਨਾਉਲ੍ਹਾ ਸੱਤਾਧਾਰੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐਮਐਲ-ਐਨ) ਦੇ ਸੀਨੀਅਰ ਮੈਂਬਰ ਹਨ। ਅਦਾਲਤ ਨੇ ਲਾਅ ਐਨਫੋਰਸਮੈਂਟ ਅਧਿਕਾਰੀਆਂ ਨੂੰ ਸਨਾਉਲ੍ਹਾ ਦੀ ਗ੍ਰਿਫ਼ਤਾਰੀ ਦਾ ਹੁਕਮ ਦਿੱਤਾ ਅਤੇ ਉਨ੍ਹਾਂ ਨੂੰ ਸੱਤ ਮਾਰਚ ਤੋਂ ਪਹਿਲਾਂ ਅਦਾਲਤ ਅੱਗੇ ਪੇਸ਼ ਕਰਨ ਲਈ ਆਖਿਆ। ਮੀਡੀਆ ਰਿਪੋਰਟਾਂ ਮੁਤਾਬਿਕ ਗ੍ਰਿਫ਼ਤਾਰੀ ਦੇ ਵਾਰੰਟ ਜ਼ਮਾਨਤਯੋਗ ਹਨ। -ਪੀਟੀਆਈ