ਇਸਲਾਮਾਬਾਦ, 18 ਜੁਲਾਈ
ਪਾਕਿਸਤਾਨ ਦੇ ਸੱਤਾਧਾਰੀ ਗੱਠਜੋੜ ਦੇ ਪ੍ਰਮੁੱਖ ਭਾਈਵਾਲ ਪੰਜ ਸਾਲ ਦੀ ਮਿਆਦ ਪੂਰੀ ਹੋਣ ਤੋਂ ਕੁੱਝ ਦਿਨ ਪਹਿਲਾਂ 8 ਅਗਸਤ ਨੂੰ ਕੌਮੀ ਸੰਸਦ ਭੰਗ ਕਰਨ ਲਈ ਰਾਜ਼ੀ ਹੋ ਗਏ ਹਨ ਤਾਂ ਕਿ ਆਮ ਚੋਣਾਂ ਲਈ ਉਨ੍ਹਾਂ ਨੂੰ ਵਾਧੂ ਸਮਾਂ ਮਿਲ ਸਕੇ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਵਿੱਚ ਅੱਜ ਦਿੱਤੀ ਗਈ ਹੈ। ਮੌਜੂਦਾ ਕੌਮੀ ਸੰਸਦ ਦੀ ਸੰਵਿਧਾਨਕ ਮਿਆਦ 12 ਅਗਸਤ ਦੀ ਅੱਧੀ ਰਾਤ ਨੂੰ ਖ਼ਤਮ ਹੋ ਰਹੀ ਹੈ। ਹਾਲਾਂਕਿ, ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਟਵੀਟ ਕਰ ਕੇ ਕਿਹਾ ਕਿ ਕੌਮੀ ਸੰਸਦ ਭੰਗ ਕਰਨ ਸਬੰਧੀ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਗਿਆ।
ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਸੰਘੀ ਸਰਕਾਰ ਦੀਆਂ ਦੋ ਪ੍ਰਮੁੱਖ ਧਿਰਾਂ ਪਾਕਿਸਤਾਨ ਮੁਸਲਿਮ ਲੀਗ-ਨਮਾਜ਼ (ਪੀਐੱਮਐੱਲ-ਐੱਨ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) 8 ਅਗਸਤ ਨੂੰ ਕੌਮੀ ਅਸੈਂਬਲੀ ਭੰਗ ਕਰਨ ਲਈ ਸਹਿਮਤ ਹੋ ਗਈਆਂ ਹਨ। ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ 9 ਤੇ 10 ਅਗਸਤ ਬਾਰੇ ਵੀ ਚਰਚਾ ਹੋਈ ਸੀ, ਪਰ ਸੰਸਦ ਦੇ ਹੇਠਲੇ ਸਦਨ ਨੂੰ ਪਹਿਲਾਂ ਭੰਗ ਕਰਨ ਵਿੱਚ ਕਿਸੇ ਤਰ੍ਹਾਂ ਦੇ ਅੜਿੱਕੇ ਤੋਂ ਬਚਣ ਲਈ 8 ਅਗਸਤ ਬਾਰੇ ਫ਼ੈਸਲਾ ਲਿਆ ਗਿਆ। ਕਾਨੂੰਨ ਮੁਤਾਬਕ ਜੇਕਰ ਰਾਸ਼ਟਰਪਤੀ ਸਿਫ਼ਾਰਸ਼ ਪ੍ਰਵਾਨ ਨਹੀਂ ਕਰਦਾ ਤਾਂ ਕੌਮੀ ਸੰਸਦ 48 ਘੰਟਿਆਂ ਮਗਰੋਂ ਭੰਗ ਹੋ ਜਾਂਦੀ ਹੈ। ਇਸ ਦੇ ਭੰਗ ਹੋਣ ਤੋਂ ਪਹਿਲਾਂ ਸਰਕਾਰ ਨੂੰ ਆਪਣੇ ਟੀਚੇ ਹਾਸਲ ਕਰਨ ਲਈ ਕਾਫ਼ੀ ਸਮਾਂ ਮਿਲ ਜਾਂਦਾ ਹੈ। ਹਾਲਾਂਕਿ, ਜੇਕਰ ਸੰਸਦ ਆਪਣੀ ਸੰਵਿਧਾਨਕ ਮਿਆਦ ਤੋਂ ਪਹਿਲਾਂ ਭੰਗ ਹੋ ਜਾਂਦੀ ਹੈ ਤਾਂ ਚੋਣ ਕਮਿਸ਼ਨ 90 ਦਿਨਾਂ ਦੇ ਅੰਦਰ ਆਮ ਚੋਣਾਂ ਕਰਵਾਉਣ ਲਈ ਪਾਬੰਦ ਹੈ। -ਪੀਟੀਆਈ