ਵਾਸ਼ਿੰਗਟਨ, 12 ਨਵੰਬਰ
ਅਫ਼ਗਾਨਿਸਤਾਨ ਬਾਰੇ ਇੱਕ ਕਾਂਗਰਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਫ਼ਗਾਨਿਸਤਾਨ ਨਾਲ ਸਬੰਧਤ ਮਾਮਲਿਆਂ ’ਚ ਪਾਕਿਸਤਾਨ ਲੰਮੇ ਸਮੇਂ ਤੋਂ ਸਰਗਰਮ ਤੇ ਕਈ ਮਾਮਲਿਆਂ ’ਚ ਤਬਾਹਕੁਨ ਤੇ ਅਸਥਿਰਤਾ ਲਿਆਉਣ ਵਾਲੀ ਭੂਮਿਕਾ ਨਿਭਾਉਂਦਾ ਰਿਹਾ ਹੈ ਜਿਸ ’ਚ ਤਾਲਿਬਾਨ ਨੂੰ ਹਮਾਇਤ ਦੇਣ ਲਈ ਇੱਕ ਮੱਦ ਦਾ ਸਹਾਰਾ ਲੈਣਾ ਵੀ ਸ਼ਾਮਲ ਹੈ। ਦੁਵੱਲੀ ਕਾਂਗਰੈਸ਼ਨਲ ਸੋਧ ਸੇਵਾ (ਸੀਆਰਐੱਸ) ਦੀ ਇੱਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਜੇਕਰ ਪਾਕਿਸਤਾਨ, ਰੂਸ ਤੇ ਚੀਨ ਵਰਗੇ ਹੋਰ ਮੁਲਕ ਅਮਰੀਕਾ ਦੇ ਭਾਈਵਾਲ ਤਾਲਿਬਾਨ ਨੂੰ ਹੋਰ ਮਾਨਤਾ ਦੇਣ ਦੀ ਦਿਸ਼ਾ ’ਚ ਵਧਣਗੇ ਤਾਂ ਇਸ ਨਾਲ ਅਮਰੀਕਾ ਅਲੱਗ ਥਲੱਗ ਪੈ ਸਕਦਾ ਹੈ। ਉੱਥੇ ਅਮਰੀਕੀ ਦਬਾਅ ਦਾ ਵਿਰੋਧ ਕਰਨ ਤੇ ਉਸ ਤੋਂ ਬਚ ਕੇ ਨਿਕਲਣ ਨਾਲ ਤਾਲਿਬਾਨ ਨੂੰ ਹੋਰ ਮੌਕੇ ਮਿਲਣਗੇ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅਮਰੀਕਾ ਦਾ ਹੋਰ ਸਜ਼ਾ ਦੇਣ ਵਾਲਾ ਰਵੱਈਆ ਅਫ਼ਗਾਨਿਸਤਾਨ ’ਚ ਪਹਿਲਾਂ ਤੋਂ ਗੰਭੀਰ ਬਣੇ ਮਨੁੱਖੀ ਹਾਲਾਤ ਨੂੰ ਹੋਰ ਡੂੰਘਾ ਕਰ ਸਕਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕਈ ਧਿਰਾਂ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਨੂੰ ਪਾਕਿਸਤਾਨ ਲਈ ਅਹਿਮ ਜਿੱਤ ਵਜੋਂ ਦੇਖਦੀਆਂ ਹਨ ਜਿਸ ਨਾਲ ਅਫ਼ਗਾਨਿਸਤਾਨ ’ਚ ਉਸ ਦਾ ਪ੍ਰਭਾਵ ਵਧਿਆ ਹੈ ਅਤੇ ਉੱਥੇ ਭਾਰਤ ਦਾ ਪ੍ਰਭਾਵ ਘਟਾਉਣ ਲਈ ਉਸ ਦੀਆਂ ਦਹਾਕਿਆਂ ਤੋਂ ਚੱਲੀਆਂ ਆ ਰਹੀਆਂ ਕੋਸ਼ਿਸ਼ਾਂ ਨੂੰ ਵੀ ਉਤਸ਼ਾਹ ਮਿਲਿਆ ਹੈ। -ਪੀਟੀਆਈ