ਕਰਾਚੀ, 8 ਅਗਸਤ
ਪਾਕਿਸਤਾਨੀ ਸਿਆਸਤਦਾਨ ਦੇ ਰਿਸ਼ਤੇਦਾਰ ਅਤੇ ਉਸ ਦੇ ਗਾਰਡਾਂ ਵੱਲੋਂ ਗੱਡੀ ਓਵਰਟੇਕ ਕਰਨ ’ਤੇ ਘੱਟਗਿਣਤੀ ਭਾਈਚਾਰੇ ਨਾਲ ਸਬੰਧਿਤ ਇੱਕ ਹਿੰਦੂ ਪਰਿਵਾਰ ਦੀ ਕੁੱਟਮਾਰ ਕੀਤੀ ਗਈ। ਇਹ ਘਟਨਾ ਸਿੰਧੂ ਸੂਬੇ ਵਿੱਚ ਘੋਟਕੀ ਖੇਤਰ ਨੇੜੇ ਵਾਪਰੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਲੋਕਾਂ ਨੇ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ। ਉਧਰ, ਸਿੰਧ ਪੁਲੀਸ ਦੇ ਆਈਜੀ ਨੇ ਐਤਵਾਰ ਨੂੰ ਵਾਪਰੀ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਪਰਿਵਾਰ ਵਿੱਚ ਪੁਰਸ਼, ਤਿੰਨ ਔਰਤਾਂ ਅਤੇ ਦੋ ਬੱਚੇ ਸ਼ਾਮਲ ਸਨ। ਹਮਲਾਵਰ ਦੀ ਪਛਾਣ ਸ਼ਮਸ਼ੇਰ ਪਿਤਾਫ਼ੀ ਵਜੋਂ ਹੋਈ ਹੈ, ਜੋ ਸਿੰਧ ਦੇ ਪਸ਼ੂ ਤੇ ਮੱਛੀ ਪਾਲਣ ਮੰਤਰੀ ਅਬਦੁਲ ਬਾਰੀ ਪਿਤਾਫੀ ਦਾ ਚਚੇਰਾ ਭਰਾ ਹੈ। – ਪੀਟੀਆਈ