ਇਸਲਾਮਾਬਾਦ, 12 ਸਤੰਬਰ
ਪਾਕਿਸਤਾਨ ਨੇ ਅੱਜ ਇਕ ਡੋਜ਼ੀਅਰ ਜਾਰੀ ਕੀਤਾ ਜਿਸ ਵਿਚ ਕਸ਼ਮੀਰ ’ਚ ਭਾਰਤੀ ਅਧਿਕਾਰੀਆਂ ਵੱਲੋਂ ਮਨੁੱਖੀ ਹੱਕਾਂ ਦੀ ਉਲੰਘਣਾ ਦਾ ਦੋਸ਼ ਲਾਇਆ ਗਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕੌਮੀ ਸੁਰੱਖਿਆ ਸਲਾਹਕਾਰ ਮੋਈਦ ਯੂਸਫ਼ ਤੇ ਮਨੁੱਖੀ ਹੱਕਾਂ ਬਾਰੇ ਮੰਤਰੀ ਸ਼ਿਰੀਨ ਮਜਾਰੀ ਦੇ ਨਾਲ ਇਸਲਾਮਾਬਾਦ ਵਿਚ ਮੀਡੀਆ ਨੂੰ ਸੰਬੋਧਨ ਕਰਦਿਆਂ 131 ਸਫ਼ਿਆਂ ਦਾ ਇਹ ਦਸਤਾਵੇਜ਼ ਜਾਰੀ ਕੀਤਾ। ਉਨ੍ਹਾਂ ਕਿਹਾ ‘ਅਸੀਂ ਫ਼ੈਸਲਾ ਲਿਆ ਹੈ ਕਿ ਸਾਨੂੰ ਆਪਣੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ ਤੇ ਇਸ (ਭਾਰਤ) ਸਰਕਾਰ ਦੇ ਅਸਲ ਚਿਹਰੇ ਨੂੰ ਬੇਨਕਾਬ ਕਰਨਾ ਚਾਹੀਦਾ ਹੈ ਜੋ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਦਾਅਵਾ ਕਰਦਾ ਹੈ।’ ਕੁਰੈਸ਼ੀ ਨੇ ਕਿਹਾ ਕਿ ਡੋਜ਼ੀਅਰ ਨੂੰ ਸੰਯੁਕਤ ਰਾਸ਼ਟਰ ਤੇ ਕੌਮਾਂਤਰੀ ਭਾਈਚਾਰੇ ਨਾਲ ਸਾਂਝਾ ਕੀਤਾ ਜਾਵੇਗਾ। ਭਾਰਤ ਵਾਰ-ਵਾਰ ਪਾਕਿਸਤਾਨ ਨੂੰ ਕਹਿੰਦਾ ਰਿਹਾ ਹੈ ਕਿ ਜੰਮੂ ਕਸ਼ਮੀਰ ਦੇਸ਼ ਦਾ ਅਟੁੱਟ ਹਿੱਸਾ ਹੈ, ਤੇ ਹਮੇਸ਼ਾ ਰਹੇਗਾ। ਭਾਰਤ ਨੇ ਪਾਕਿਸਤਾਨ ਨੂੰ ਅਸਲੀਅਤ ਸਵੀਕਾਰ ਕਰਨ ਤੇ ਭਾਰਤ ਵਿਰੋਧੀ ਸਾਰੇ ਝੂਠੇ ਪ੍ਰਚਾਰ ਨੂੰ ਰੋਕਣ ਦੀ ਨਸੀਹਤ ਵੀ ਦਿੱਤੀ ਸੀ। ਭਾਰਤ ਪਾਕਿ ਨੂੰ ਕਹਿ ਚੁੱਕਾ ਹੈ ਕਿ ਜੰਮੂ ਕਸ਼ਮੀਰ ਨਾਲ ਸਬੰਧਤ ਸਾਰੇ ਵਿਸ਼ੇ ਉਸ ਦੇ ਅੰਦਰੂਨੀ ਹਨ ਤੇ ਦੇਸ਼ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਨ ਵਿਚ ਸਮਰੱਥ ਹੈ। ਕੁਰੈਸ਼ੀ ਨੇ ਕਿਹਾ ਕਿ ਡੋਜ਼ੀਅਰ 113 ਘਟਨਾਵਾਂ ਉਤੇ ਅਧਾਰਿਤ ਹੈ ਜਿਸ ਵਿਚ 26 ਕੌਮਾਂਤਰੀ ਮੀਡੀਆ ਤੋਂ, 41 ਭਾਰਤੀ ਥਿੰਕ ਟੈਂਕ ਸੰਸਥਾਵਾਂ ਤੋਂ ਤੇ ਕੇਵਲ 14 ਪਾਕਿਸਤਾਨ ਤੋਂ ਪ੍ਰਾਪਤ ਹੋਈਆਂ ਹਨ। ਦਸਤਾਵੇਜ਼ ਵਿਚ ਕਸ਼ਮੀਰ ’ਚ ਰਸਾਇਣਕ ਹਥਿਆਰਾਂ ਦੀ ਵਰਤੋਂ ਦਾ ਦੋਸ਼ ਲਾਇਆ ਗਿਆ ਹੈ। ਕੁਰੈਸ਼ੀ ਨੇ ਕਿਹਾ ਕਿ ਇਸ ਮਾਮਲੇ ਦੀ ਕੌਮਾਂਤਰੀ ਪੱਧਰ ਉਤੇ ਜਾਂਚ ਹੋਣੀ ਚਾਹੀਦੀ ਹੈ। -ਪੀਟੀਆਈ