ਲਾਹੌਰ, 3 ਮਾਰਚ
ਪਾਕਿਸਤਾਨ ਵਿੱਚ ਚੋਣਾਂ ’ਚ ਕਥਿਤ ਹੇਰਾਫੇਰੀ ਖ਼ਿਲਾਫ਼ ਰੈਲੀ ਕਰ ਰਹੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ 100 ਤੋਂ ਵੱਧ ਸਮਰਥਕਾਂ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਕਿਹਾ ਕਿ ਉਸ ਨੇ ਸੜਕਾਂ ਜਾਮ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪਾਰਟੀ ਸੰਸਥਾਪਕ ਇਮਰਾਨ ਖ਼ਾਨ ਦੇ ਸੱਦੇ ’ਤੇ ਪੀਟੀਆਈ ਨੇ ਲੰਘੀ 8 ਫਰਵਰੀ ਨੂੰ ਹੋਈਆਂ ਆਮ ਚੋਣਾਂ ’ਚ ਕਥਿਤ ਹੇਰਾਫੇਰੀ ਸ਼ਨਿਚਰਵਾਰ ਨੂੰ ਦੇਸ਼ ਭਰ ’ਚ ਪ੍ਰਦਰਸ਼ਨ ਕੀਤੇ ਸਨ। ਬਹੁਤੇ ਲੋਕਾਂ ਨੂੰ ਲਾਹੌਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਜਿੱਥੇ ਨਵੀਂ ਚੁਣੀ ਗਈ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਪੀਟੀਆਈ ਸਮਰਥਕਾਂ ’ਤੇ ਕਾਰਵਾਈ ਦਾ ਹੁਕਮ ਦਿੱਤਾ ਸੀ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਇੱਕ ਤਰਜਮਾਨ ਨੇ ਦੱਸਿਆ, ‘‘ਲਾਹੌਰ ਵਿੱਚ ਪੁਲੀਸ ਨੇ 80 ਕਾਰਕੁਨਾਂ ਤੇ ਨੇਤਾਵਾਂ ਨੂੰ ਕੁੱਟਿਆ ਤੇ ਗ੍ਰਿਫ਼ਤਾਰ ਕਰ ਲਿਆ। ਗੁਜਰਾਤ ਸ਼ਹਿਰ ਵਿੱਚ 20 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਦੇ 38 ਸ਼ਹਿਰਾਂ ਅਤੇ ਸੰਘੀ ਰਾਜਧਾਨੀ ਇਸਲਾਮਾਬਾਦ ’ਚ ਵਿਰੋਧ ਪ੍ਰਦਰਸ਼ਨ ਹੋਏ।’’ ਲਾਹੌਰ ਦੇ ਜੀਪੀਓ ਚੌਕ ਤੇ ਲਿਬਰਟੀ ਚੌਕ ’ਚ ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕੀਤਾ ਗਿਆ।
ਤਰਜਮਾਨ ਮੁਤਾਬਕ ਮਰੀਅਮ ਨਵਾਜ਼ ਤੇ ਉਨ੍ਹਾਂ ਦੇ ਸ਼ਾਹਬਾਜ਼ ਸ਼ਰੀਫ ਖਿਲਾਫ਼ ਪਿਛਲੇ ਮਹੀਨੇ ਚੋਣ ਲੜਨ ਵਾਲੇ ਪੀਟੀਆਈ ਨੇਤਾ ਮੀਆਂ ਸ਼ਹਿਜ਼ਾਦ ਫਾਰੂਕ ਅਤੇ ਅਫਜ਼ਾਲ ਅਜ਼ੀਮ ਪਾਹਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਫਾਰੂਕ ਨੇ ਮਰੀਅਮ ਨੂੰ ਹਰਾ ਦਿੱਤਾ ਸੀ ਪਰ ਚੋਣ ਕਮਿਸ਼ਨ ਨੇ ਨਤੀਜੇ ਬਦਲ ਦਿੱਤੇ। ਸੁਪਰੀਮ ਕੋਰਟ ਦੀ ਬਾਰ ਦੇ ਸਾਬਕਾ ਸਕੱਤਰ ਆਫਤਾਬ ਬਾਜਵਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। -ਪੀਟੀਆਈ
ਪਾਕਿ ਸੈਨੇਟ ਮੈਂਬਰ ਨੇ ਸੋਸ਼ਲ ਮੀਡੀਆ ’ਤੇ ਸਥਾਈ ਪਾਬੰਦੀ ਮੰਗੀ
ਇਸਲਾਮਾਬਾਦ: ਪਾਕਿਸਤਾਨ ’ਚ ਪਿਛਲੇ ਇੱਕ ਪੰਦਰਵਾੜੇ ਤੋਂ ਵੱਧ ਸਮੇਂ ਤੋਂ ਸੋਸ਼ਲ ਮੀਡੀਆ ਮੰਚ ‘ਐਕਸ’ ’ਚ ਲਗਾਤਾਰ ਅੜਿੱਕੇ ਪੈਣ ਦੀਆਂ ਗੰਭੀਰ ਚਿੰਤਾਵਾਂ ਦਰਮਿਆਨ ਸੈਨੇਟ ਦੇ ਇੱਕ ਮੈਂਬਰ ਨੇ ਨੌਜਵਾਨ ਪੀੜ੍ਹੀ ’ਤੇ ਇਸ ਦੇ ਪੈ ਰਹੇ ਨਕਾਰਾਤਮਕ ਪ੍ਰਭਾਵ ਕਾਰਨ ਸਾਰੀਆਂ ਸੋਸ਼ਲ ਮੀਡੀਆ ’ਤੇ ਸਥਾਈ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸੈਨੇਟਰ ਬਹਿਰਾਮਾਨੰਦ ਖਾਨ ਤਾਂਗੀ ਨੇ ਆਪਣੇ ਮਤੇ ’ਚ ਸਾਰੇ ਸੋਸ਼ਲ ਮੀਡੀਆ ਮੰਚਾਂ ਨੂੰ ਨੌਜਵਾਨ ਪੀੜ੍ਹੀ ਦੇ ਭਵਿੱਖ ਲਈ ਖਤਰਨਾਕ ਮੰਨਦਿਆਂ ਇਨ੍ਹਾਂ ’ਤੇ ਮੁਕੰਮਲ ਪਾਬੰਦੀ ਦੀ ਮੰਗ ਕੀਤੀ। ਤਾਂਗੀ ਨੂੰ ਹਾਲ ਹੀ ਵਿੱਚ ਪੀਪੀਪੀ ਨੇ 8 ਫਰਵਰੀ ਦੀਆਂ ਚੋਣਾਂ ’ਚ ਦੇਰੀ ਨਾਲ ਕਰਾਉਣ ਦੀ ਮੰਗ ਕਰਨ ਵਾਲਾ ਮਤਾ ਪੇਸ਼ ਕਰਨ ’ਤੇ ਪਾਰਟੀ ’ਚੋਂ ਕੱਢ ਦਿੱਤਾ ਸੀ। 11 ਮਾਰਚ ਨੂੰ ਸੇਵਾਮੁਕਤ ਹੋ ਰਹੇ ਤਾਂਗੀ ਨੇ ਕਿਹਾ, ‘ਸੋਸ਼ਲ ਮੀਡੀਆ ਮੰਚ ਦੇਸ਼ ’ਚ ਨੌਜਵਾਨ ਪੀੜ੍ਹੀ ’ਤੇ ਗਲਤ ਅਸਰ ਪਾ ਰਹੇ ਹਨ। ਇਨ੍ਹਾਂ ਦੀ ਵਰਤੋਂ ਸਾਡੇ ਧਰਮ ਤੇ ਸੱਭਿਆਚਾਰ ਖ਼ਿਲਾਫ਼ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਅਤੇ ਭਾਸ਼ਾ ਤੇ ਧਰਮ ਦੇ ਆਧਾਰ ’ਤੇ ਲੋਕਾਂ ਵਿਚਾਲੇ ਨਫਰਤ ਪੈਦਾ ਕਰਨ ਲਈ ਕੀਤੀ ਜਾ ਰਹੀ ਹੈ।’ ਆਪਣੇ ਮਤੇ ’ਚ ਉਨ੍ਹਾਂ ਕਿਹਾ ਕਿ ਇਨ੍ਹਾਂ ਮੰਚਾਂ ਦੀ ਵਰਤੋਂ ਦੇਸ਼ ਖ਼ਿਲਾਫ਼ ਨਕਾਰਾਤਮਕ ਵਿਚਾਰਾਂ ਅਤੇ ਪਾਕਿਸਤਾਨੀ ਫੌਜ ਖ਼ਿਲਾਫ਼ ਝੂਠਾ ਪ੍ਰਚਾਰ ਕਰਨ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਸੈਨੇਟ ਤੋਂ ਮੰਗ ਕੀਤੀ ਕਿ ਸਰਕਾਰ ਨੂੰ ਫੇਸਬੁੱਕ, ਟਿਕਟੌਕ, ਇੰਸਟਾਗ੍ਰਾਮ, ਐਕਸ ਤੇ ਯੂਟਿਊਬ ’ਤੇ ਪਾਬੰਦੀ ਲਾਉਣ ਦੀ ਸਿਫਾਰਸ਼ ਕੀਤੀ ਜਾਵੇ। -ਪੀਟੀਆਈ