ਸੰਯੁਕਤ ਰਾਸ਼ਟਰ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅੱਜ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿਚ ਜੰਮੂ ਕਸ਼ਮੀਰ ਦਾ ਰਾਗ ਮੁੜ ਅਲਾਪਦਿਆਂ ਕਿਹਾ ਕਿ ਭਾਰਤ ਨੂੰ ਧਾਰਾ 370 ਮਨਸੂਖ ਕਰਨ ਦਾ ਫੈਸਲਾ ਵਾਪਸ ਲੈ ਕੇ ਮਸਲੇ ਦੇ ‘ਸ਼ਾਂਤੀਪੂਰਨ’ ਹੱਲ ਲਈ ਗੁਆਂਢੀ ਮੁਲਕ ਨਾਲ ਸੰਵਾਦ ਕਰਨਾ ਚਾਹੀਦਾ ਹੈ। ਸ਼ਰੀਫ਼ ਨੇ ਜਨਰਲ ਅਸੈਂਬਲੀ ਨੂੰ 20 ਮਿੰਟਾਂ ਦੇ ਆਪਣੇ ਸੰਬੋਧਨ ਦੌਰਾਨ ਜ਼ਿਆਦਾ ਸਮਾਂ ਕਸ਼ਮੀਰ ਦੀ ਹੀ ਗੱਲ ਕੀਤੀ ਤੇ ਧਾਰਾ 370 ਦਾ ਹਵਾਲਾ ਦਿੱਤਾ। ਸ਼ਰੀਫ਼ ਨੇ ਕਿਹਾ, ‘ਫ਼ਲਸਤੀਨੀ ਲੋਕਾਂ ਵਾਂਗ ਜੰਮੂ ਕਸ਼ਮੀਰ ਦੇ ਲੋਕ ਵੀ ਲੰਮੇ ਅਰਸੇ ਤੋਂ ਆਜ਼ਾਦੀ ਤੇ ਸਵੈ-ਨਿਰਣੇ ਦੇ ਆਪਣੇ ਹੱਕ ਲਈ ਲੜ ਰਹੇ ਹਨ।’ ਧਾਰਾ 370 ਰੱਦ ਕਰਨ ਦੇ ਭਾਰਤ ਦੇ ਫੈਸਲੇ ਦੇ ਹਵਾਲੇ ਨਾਲ ਸ਼ਰੀਫ਼ ਨੇ ਕਿਹਾ ਕਿ ਭਾਰਤ ਸਥਾਈ ਸ਼ਾਂਤੀ ਲਈ ਅਗਸਤ 2019 ਦੇ ‘ਇਕਪਾਸੜ ਤੇ ਗੈਰਕਾਨੂੰਨੀ ਉਪਰਾਲੇ ਨੂੰ ਵਾਪਸ ਲਏ’ ਤੇ ਯੂਐੱਨ ਸੁਰੱਖਿਆ ਮਤਿਆਂ ਤੇ ‘ਕਸ਼ਮੀਰੀ ਲੋਕਾਂ ਦੀ ਇੱਛਾ ਮੁਤਾਬਕ’ ਜੰਮੂ ਕਸ਼ਮੀਰ ਮਸਲੇ ਦੇ ‘ਸ਼ਾਂਤੀਪੂਰਨ ਹੱਲ ਲਈ ਗੱਲਬਾਤ ਦਾ ਅਮਲ ਸ਼ੁਰੂ ਕਰੇ।’ -ਪੀਟੀਆਈ