ਪਿਸ਼ਾਵਰ, 27 ਜਨਵਰੀ
ਬੌਲੀਵੁੱਡ ਅਦਾਕਾਰ ਰਾਜ ਕਪੂਰ (ਮਹਰੂਮ) ਦੇ ਪਿਸ਼ਾਵਰ ਵਿਚਲੇ ਜੱਦੀ ਘਰ (ਹਵੇਲੀ) ਦੇ ਮਾਲਕਾਂ ਨੇ ਘਰ ਦੀ ਇਮਾਰਤ ਖੈਬਰ ਪਖਤੂਨਖਵਾ ਸਰਕਾਰ ਵੱਲੋਂ ਤੈਅ ਕੀਤੇ ਸਰਕਾਰੀ ਭਾਅ ’ਤੇ ਵੇਚਣ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਹਿਮ ਸਥਾਨ ’ਤੇ ਸਥਿਤ ਇਸ ਜਾਇਦਾਦ ਕੀਮਤ ਘੱਟ ਮਿਥੀ ਗਈ ਹੈ।
ਇਸ ਤੋਂ ਪਹਿਲਾਂ ਇਸੇ ਮਹੀਨੇ ਖੈਬਰ ਪਖਤੂਨਖਵਾ ਸਰਕਾਰ ਵੱਲੋਂ ਰਾਜ ਕਪੂਰ ਸਨਮਾਨ ਵਜੋਂ ਉਨ੍ਹਾਂ ਦੀ ਹਵੇਲੀ ਨੂੰ ਅਜਾਇਬ ਘਰ ’ਚ ਬਦਲਣ ਲਈ ਡੇਢ ਕਰੋੜ ਰੁਪਏ ਜਾਰੀ ਕੀਤੇ ਗਏ ਸਨ।
ਹਾਜੀ ਅਲੀ ਸਾਬਿਰ, ਜੋ ਹਵੇਲੀ ਦਾ ਮੌਜੂਦਾ ਮਾਲਕ ਹੈ, ਨੇ ਅੱਜ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਉਕਤ ਜਾਇਦਾਦ 1.5 ਕਰੋੜ ਰੁਪਏ ’ਚ ਵੇਚਣ ਤੋਂ ਸਪੱਸ਼ਟ ਨਾਂਹ ਕਰ ਦਿੱਤੀ। ਉਨ੍ਹਾਂ ਕਿਹਾ, ‘ਇੱਥੋਂ ਤਕ ਕਿ ਇਸ ਇਲਾਕੇ ’ਚ ਅੱਧਾ ਮਰਲਾ ਥਾਂ ਵੀ 1.5 ਕਰੋੜ ਰੁਪਏ ’ਚ ਨਹੀਂ ਮਿਲਦਾ। ਅਸੀਂ ਛੇ ਮਰਲਿਆਂ ਦੀ ਜਾਇਦਾਦ 1.5 ਕਰੋੜ ਰੁਪਏ ’ਚ ਕਿਵੇਂ ਵੇਚ ਸਕਦੇ ਹਾਂ।’ ਸਾਬਿਰ ਮੁਤਾਬਕ ਇਸ ਜਾਇਦਾਦ ਦੀ ਸਹੀ ਕੀਮਤ 200 ਕਰੋੜ ਰੁਪਏ ਬਣਦੀ ਹੈ। ਜ਼ਿਕਰਯੋਗ ਹੈ ਕਿ ਪਿਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ’ਚ ਸਥਿਤ ਰਾਜ ਕਪੂਰ ਦੇ ਪੁਰਖਿਆਂ ਦੇ ਘਰ ਨੂੰ ‘ਕਪੂਰ ਹਵੇਲੀ’ ਵਜੋਂ ਜਾਣਿਆ ਜਾਂਦਾ ਹੈ। ਇਸ ਦੀ ਉਸਾਰੀ ਰਾਜ ਕਪੂਰ ਦੇ ਦਾਦਾ ਦੀਵਾਨ ਬਸ਼ੇਸ਼ਵਰਨਾਥ ਕਪੂਰ ਨੇ 1918 ਤੋਂ 1922 ਦਰਮਿਆਨ ਕਰਵਾਈ ਸੀ। ਰਾਜ ਕਪੂਰ ਅਤੇ ਉਸ ਦੇ ਚਾਚਾ ਤਿਰਲੋਕ ਕਪੂਰ ਦਾ ਜਨਮ ਉੱਥੇ ਹੀ ਹੋਇਆ ਸੀ। ਇਸ ਇਮਾਰਤ ਨੂੰ ਖੈਬਰ ਪਖਤੂਨਖਵਾ ਸਰਕਾਰ ਵੱਲੋਂ ਕੌਮੀ ਵਿਰਾਸਤ ਐਲਾਨਿਆ ਹੋਇਆ ਹੈ। -ਪੀਟੀਆਈ