ਇਸਲਾਮਾਬਾਦ, 30 ਮਾਰਚ
ਪਾਕਿਸਤਾਨ ਦੀ ਸੱਤਾਧਾਰੀ ਗੱਠਜੋੜ ਤੇ ਇੱਕ ਅਹਿਮ ਸਹਿਯੋਗੀ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਉਹ ਕੌਮੀ ਅਸੈਂਬਲੀ ਵਿੱਚ ਵਿਰੋਧੀ ਧਿਰਾਂ ਦੇ ਬੇਭਰੋਸਗੀ ਮਤੇ ਦਾ ਸਮਰਥਨ ਕਰੇਗੀ। ਇਸ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਡਾ ਝਟਕਾ ਲੱਗਿਆ ਹੈ, ਜਿਨ੍ਹਾਂ ਕੋਲੋਂ ਹੁਣ ਪ੍ਰਭਾਵੀ ਤੌਰ ਉੱਤੇ ਸੰਸਦ ਵਿੱਚ ਬਹੁਮਤ ਖੁੱਸ ਗਿਆ ਹੈ। ਇੱਥੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਮੁਤਹਿਦਾ ਕੌਮੀ ਮੂਵਮੈਂਟ-ਪਾਕਿਸਤਾਨ (ਐੱਮਕਿਊੁਐੱਮ-ਪੀ), ਜਿਹੜੀ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੀ ਮੁੱਖ ਸਹਿਯੋਗੀ ਹੈ, ਨੇ ਰਸਮੀ ਐਲਾਨ ਕੀਤਾ ਕਿ ਉਹ ਵਿਰੋਧੀ ਧਿਰਾਂ ਵਿੱਚ ਸ਼ਾਮਲ ਹੋ ਰਹੀ ਹੈ। ਐੱਮਕਿਊਐੱਮ-ਪੀ ਮੁਖੀ ਖਾਲਿਦ ਮਕਬੂਲ ਸਿੱਦੀਕੀ ਨੇ ਕਿਹਾ, ‘‘ਅਸੀਂ ਸਹਿਣਸ਼ੀਲਤਾ ਦੀ ਰਾਜਨੀਤੀ ਅਤੇ ਸੱਚੇ ਲੋਕਤੰਤਰ ਦੀ ਇੱਕ ਨਵੀਂ ਸ਼ੁਰੂਆਤ ਕਰਨਾ ਚਾਹੁੰਦੇ ਹਾਂ।’’ ਐੱਮਕਿਊਐੱਮ-ਪੀ ਵੱਲੋਂ ਆਪਣੇ ਸੱਤ ਮੈਂਬਰਾਂ ਨਾਲ ਵਿਰੋਧੀ ਧਿਰ ਵਿੱਚ ਸ਼ਾਮਲ ਹੋਣ ਮਗਰੋਂ ਇਮਰਾਨ ਖ਼ਾਨ ਸਰਕਾਰ ਨੇ ਪ੍ਰਭਾਵੀ ਤੌਰ ’ਤੇ ਆਪਣਾ ਬਹੁਮਤ ਗੁਆ ਦਿੱਤਾ ਹੈ। ਸੱਤਾਧਾਰੀ ਗੱਠਜੋੜ ਦੇ ਇੱਕ ਸਹਿਯੋਗੀ ਬਲੋਚਿਸਤਾਨ ਅਵਾਮੀ ਪਾਰਟੀ (ਬੀਏਪੀ) ਨੇ ਹੇਠਲੇ ਸਦਨ ਦੇ ਆਪਣੇ 5 ਮੈਂਬਰਾਂ ਨਾਲ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਉਸ ਨੇ ਇਮਰਾਨ ਖ਼ਾਨ ਵੋਟ ਪਾਉਣ ਲਈ ‘ਵਿਰੋਧੀ ਧਿਰਾਂ ਦਾ ਸੱਦਾ’ ਕਬੂਲ ਕਰ ਲਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵਿਰੋਧੀ ਧਿਰ ਵੱਲੋਂ 342 ਸੀਟਾਂ ਵਾਲੇ ਹੇਠਲੇ ਸਦਨ ਵਿੱਚ ਉਨ੍ਹਾਂ ਨੂੰ ਗੱਦੀਓਂ ਲਾਹੁਣ ਲਈ ਕੀਤੀ ਕੋਸ਼ਿਸ਼ ਨੂੰ ਫੇਲ੍ਹ ਕਰਨ ਲਈ 172 ਵੋਟਾਂ ਦੀ ਲੋੜ ਸੀ। ਹਾਲਾਂਕਿ, ਜਮਾਇਤ ਉਲੇਮਾ-ਏ-ਇਸਲਾਮਾ ਦੇ ਮੁਖੀ ਮੌਲਾਨਾ ਫਜ਼ਲੂਰ ਰਹਿਮਾਨ ਨੇ ਕਿਹਾ ਕਿ ਵਿਰੋਧੀਆਂ ਕੋਲ 175 ਵਿਧਾਇਕਾਂ ਦਾ ਸਮਰਥਨ ਹੈ ਤੇ ਪ੍ਰਧਾਨ ਮੰਤਰੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਮੌਕੇ ਇਹ ਐਲਾਨ ਵੀ ਕੀਤਾ ਗਿਆ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ)ਦੇ ਮੁਖੀ ਤੇ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ 69 ਸਾਲਾ ਖਾਨ ਨੂੰ ਹਟਾਉਣ ਮਗਰੋਂ ਮੁਲਕ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। -ਪੀਟੀਆਈ