ਇਸਲਾਮਾਬਾਦ, 26 ਜੂਨ
ਪਾਕਿਸਤਾਨੀ ਸੈਨਾ ਨੇ ਅੱਜ ਇੱਥੇ ਦੱਸਿਆ ਕਿ ਨੌਂ ਮਈ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਮਗਰੋਂ ਹੋਏ ਹਿੰਸਕ ਰੋਸ ਪ੍ਰਦਰਸ਼ਨਾਂ ਦੌਰਾਨ ਫ਼ੌਜੀ ਟਿਕਾਣਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਨਾਕਾਮ ਰਹਿਣ ‘ਤੇ ਇੱਕ ਲੈਫਟੀਨੈਂਟ ਜਨਰਲ ਸਣੇ ਤਿੰਨ ਅਧਿਕਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ ਅਤੇ ਤਿੰਨ ਮੇਜਰ ਜਨਰਲ ਤੇ ਸੱਤ ਬ੍ਰਿਗੇਡੀਅਰ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।
ਇਮਰਾਨ ਖ਼ਾਨ ਦੀ ਪਾਰਟੀ ਦੇ ਕਾਰਕੁਨਾਂ ਨੇ ਲਾਹੌਰ ਕੋਰ ਕਮਾਂਡਰ ਹਾਊਸ, ਮੀਆਂਵਾਲੀ ਏਅਰਬੇਸ ਅਤੇ ਫ਼ੈਸਲਾਬਾਦ ਵਿੱਚ ਆਈਐੱਸਆਈ ਭਵਨ ਸਮੇਤ 20 ਤੋਂ ਵੱਧ ਫ਼ੌਜੀ ਸੰਪਤੀਆਂ ਅਤੇ ਸਰਕਾਰੀ ਇਮਾਰਤਾਂ ਦੀ ਭੰਨ-ਤੋੜ ਕੀਤੀ ਸੀ। ਰਾਵਲਪਿੰਡੀ ਵਿੱਚ ਆਰਮੀ ਹੈੱਡਕੁਆਰਟਰ (ਜੀਐੱਚਕਿਊ) ‘ਤੇ ਵੀ ਭੀੜ ਨੇ ਹਮਲਾ ਕੀਤਾ ਸੀ। ਸੈਨਾ ਦੇ ਬੁਲਾਰੇ ਮੇਜਰ ਜਨਰਲ ਅਰਸ਼ਦ ਸ਼ਰੀਫ਼ ਨੇ ਦੱਸਿਆ ਕਿ ਫ਼ੌਜ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸਮਰਥਕਾਂ ਦੇ ਰੋਸ ਪ੍ਰਦਰਸ਼ਨਾਂ ਸਬੰਧੀ ਦੋ ਵਾਰ ਜਾਂਚ ਕਰਵਾਈ ਅਤੇ ਕਾਰਵਾਈ ਕੀਤੀ।
ਉਨ੍ਹਾਂ ਦੱਸਿਆ, ”ਜੁਆਬਦੇਹੀ ਪ੍ਰਕਿਰਿਆ ‘ਤੇ ਵਿਚਾਰ-ਚਰਚਾ ਕਰਨ ਅਤੇ ਅਦਾਲਤੀ ਜਾਂਚ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਲੋਕਾਂ ਖ਼ਿਲਾਫ਼ ਅਨੁਸ਼ਾਸਨਿਕ ਕਾਰਵਾਈ ਸ਼ੁਰੂ ਕੀਤੀ ਗਈ ਹੈ, ਜੋ ਸੈਨਿਕ ਸੰਪਤੀਆਂ ਅਤੇ ਜਨਰਲ ਹੈੱਡਕੁਆਰਟਰਾਂ ਦੀ ਸੁਰੱਖਿਆ ਅਤੇ ਸਨਮਾਨ ਨੂੰ ਬਰਕਰਾਰ ਰੱਖਣ ਵਿੱਚ ਨਾਕਾਮ ਰਹੇ।” ਸ਼ਰੀਫ਼ ਨੇ ਦੱਸਿਆ ਕਿ ਇੱਕ ਲੈਫ਼ਟੀਨੈਂਟ ਜਨਰਲ ਸਮੇਤ ਤਿੰਨ ਅਧਿਕਾਰੀਆਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਤਿੰਨ ਮੇਜਰ ਜਨਰਲ ਤੇ ਸੱਤ ਬ੍ਰਿਗੇਡੀਅਰ ਸਮੇਤ ਹੋਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਯਕੀਨੀ ਬਣਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਜਾਂਚ ਮੇਜਰ ਜਨਰਲ ਪੱਧਰ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ। ਸ਼ਰੀਫ਼ ਨੇ ਦੱਸਿਆ, ”ਹਿੰਸਾ (ਨੌਂ ਮਈ) ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਸੰਵਿਧਾਨ ਅਤੇ ਕਾਨੂੰਨ ਤਹਿਤ ਸਜ਼ਾ ਦਿੱਤੀ ਜਾਵੇਗੀ।”
ਉਨ੍ਹਾਂ ਨੌਂ ਮਈ ਦੀ ਘਟਨਾ ਨੂੰ ‘ਬੇਹੱਦ ਨਿਰਾਸ਼ਾਜਨਕ, ਨਿੰਦਣਯੋਗ ਅਤੇ ਦੇਸ਼ ਦੇ ਇਤਿਹਾਸ ਵਿੱਚ ਕਾਲਾ ਪੰਨਾ’ ਦੱਸਿਆ। ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਮਗਰੋਂ ਹਿੰਸਕ ਕਾਰਵਾਈ ਕਰਨ ਵਾਲਿਆਂ ਖ਼ਿਲਾਫ਼ ਸਰਕਾਰ ਨੇ ਸਖ਼ਤ ਕਾਰਵਾਈ ਕਰਨ ਦਾ ਅਮਲ ਜਾਰੀ ਰੱਖਿਆ। -ਪੀਟੀਆਈ