ਇਸਲਾਮਾਬਾਦ, 13 ਜੁਲਾਈ
ਪਾਕਿਸਤਾਨ ਅੱਜ ਕਿਹਾ ਕਿ ਉਹ ਅਫ਼ਗਾਨਿਸਤਾਨ ਨਾਲ ਵਪਾਰ 15 ਜੁਲਾਈ ਤੋਂ ਭਾਰਤ ਨਾਲ ਲੱਗਦੀ ਵਾਹਗਾ ਸਰਹੱਦ ਰਾਹੀਂ ਬਹਾਲ ਕਰੇਗਾ। ਇਸ ਫ਼ੈਸਲਾ ਕਾਬੁਲ ਦੀ ਵਿਸ਼ੇਸ਼ ਦਰਖਾਸਤ ’ਤੇ ਅਤੇ ਅਫਗਾਨ ਟਰਾਂਜ਼ਿਟ ਟਰੇਡ (ਏ.ਟੀ.ਟੀ.) ਦੀ ਸਹੂਲਤ ਲਈ ਕੀਤਾ ਗਿਆ ਹੈ। ਪਾਕਿਸਤਾਨ ਵੱਲੋਂ ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਮਾਰਚ ਮਹੀਨੇ ਭਾਰਤ ਨਾਲ ਲੱਗਦੀ ਵਾਹਗਾ ਸਰਹੱਦ ਬੰਦ ਕਰ ਦਿੱਤੀ ਗਈ ਸੀ। ਵਿਦੇਸ਼ ਮੰਤਰਾਲੇ ਦੇ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ’ਚ ਕਿਹਾ ਗਿਆ, ‘ਅਫ਼ਗਾਨਿਸਤਾਨ ਸਰਕਾਰ ਦੀ ਵਿਸ਼ੇਸ਼ ਅਪੀਲ ਅਤੇ ਅਫਗਾਨ ਟਰਾਂਜ਼ਿਟ ਟਰੇਡ (ਏ.ਟੀ.ਟੀ.) ਸਹੂਲਤ ਦੇਣ ਲਈ ਪਾਕਿਸਤਾਨ ਨੇ ਵਾਹਗਾ ਸਰਹੱਦ ਰਾਹੀਂ 15 ਜੁਲਾਈ ਤੋਂ ਅਫ਼ਗਾਨਿਸਤਾਨ ਨਾਲ ਬਰਾਮਦ ਕਾਰੋਬਾਰ ਬਹਾਲ ਕਰਨ ਦਾ ਫ਼ੈਸਲਾ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਪਾਕਿਸਤਾਨ ਇਸ ਕਦਮ ਨਾਲ ਪਾਕਿਸਤਾਨ-ਅਫ਼ਾਗਾਨਿਸਤਾਨ ਟਰਾਂਜ਼ਿਟ ਟਰੇਡ ਐਗਰੀਮੈਂਟ (ਏਪੀਟੀਟੀਏ) ਪ੍ਰਤੀ ਆਪਣੀ ਵਚਨਬੱਧਤਾ ਪੂਰੀ ਕਰੇਗਾ। ਅਫ਼ਗਾਨਿਸਤਾਨ ਸਬੰਧੀ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਪ੍ਰਤੀਨਿਧੀ ਮੁਹੰਮਦ ਸਾਦਿਕ ਨੇ ਕਿਹਾ ਕਿ ਉਨ੍ਹਾਂ ਦੇਸ਼ ਸਾਰੇ ਲਾਂਘਿਆਂ ’ਤੇ ਦੁਵੱਲਾ ਵਪਾਰ ਅਤੇ ਏਟੀਟੀ ਬਹਾਲ ਕਰ ਚੁੱਕਾ ਹੈ।
-ਪੀਟੀਆਈ