ਇਸਲਾਮਾਬਾਦ, 31 ਮਈ
ਅਫ਼ਗਾਨਿਸਤਾਨ ਨਾਲ ਲਗਦੇ ਪਾਕਿਸਤਾਨ ਦੇ ਗੜਬੜੀ ਵਾਲੇ ਖੇਤਰ ਤੋਂ ਇਕ 50 ਮੈਂਬਰੀ ਜਿਰਗਾ ਜਿਸ ’ਚ ਉੱਘੇ ਕਬਾਇਲੀ ਆਗੂ ਵੀ ਸ਼ਾਮਲ ਹਨ, ਭਲਕੇ ਕਾਬੁਲ ਜਾਣਗੇ ਜਿੱਥੇ ਉਹ ਅਤਿਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ (ਟੀਟੀਪੀ) ਨਾਲ ਵਾਰਤਾ ਕਰਨਗੇ। ਇਹ ਵਫ਼ਦ ਉਸ ਵੇਲੇ ਕਾਬੁਲ ਜਾ ਰਿਹਾ ਹੈ ਜਦ ਪਾਕਿਸਤਾਨ ਸਰਕਾਰ ਤੇ ਟੀਟੀਪੀ ਨੇ ਗੋਲੀਬੰਦੀ ਅਣਮਿੱਥੇ ਸਮੇਂ ਲਈ ਵਧਾਉਣ ਉਤੇ ਸਹਿਮਤੀ ਜ਼ਾਹਿਰ ਕੀਤੀ ਹੈ। ‘ਡਾਅਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਇਹ ਵਾਰਤਾ ਖੇਤਰ ਵਿਚ ਦਹਾਕਿਆਂ ਦੇ ਅਤਿਵਾਦ ਨੂੰ ਖ਼ਤਮ ਕਰਨ ਉਤੇ ਕੇਂਦਰਿਤ ਹੈ। ਸਾਬਕਾ ਸੈਨੇਟਰ ਮੌਲਾਨਾ ਸਾਲੇਹ ਸ਼ਾਹ ‘ਜਿਰਗਾ’ ਦੀ ਅਗਵਾਈ ਕਰਨਗੇ। ਇਸ ਵਿਚ ਸਾਰੇ ਵੱਡੇ ਕਬਾਇਲੀ ਜ਼ਿਲ੍ਹਿਆਂ ਦੇ ਬਜ਼ੁਰਗ ਸ਼ਾਮਲ ਹੋਣਗੇ। ਇਸ ਪ੍ਰੀਸ਼ਦ ਵਿਚ ਦੱਖਣੀ ਤੇ ਉੱਤਰੀ ਵਜ਼ੀਰਿਸਤਾਨ, ਓੜਕਜ਼ਈ, ਕੁਰੱਮ, ਖ਼ੈਬਰ ਤੇ ਹੋਰਾਂ ਜ਼ਿਲ੍ਹਿਆਂ ਦੇ ਆਗੂ ਸ਼ਾਮਲ ਹਨ। ਜਿਰਗਾ ਦੇ ਮੈਂਬਰਾਂ ਨੂੰ ਪਿਸ਼ਾਵਰ ਸੱਦ ਕੇ ਟੀਟੀਪੀ ਨਾਲ ਚੱਲ ਰਹੀ ਸ਼ਾਂਤੀ ਪ੍ਰਕਿਰਿਆ ਬਾਰੇ ਜਾਣੂ ਕਰਾਇਆ ਗਿਆ ਹੈ। -ਪੀਟੀਆਈ