ਇਸਲਾਮਾਬਾਦ, 24 ਫਰਵਰੀ
ਪਾਕਿਸਤਾਨ ਦੇ ਸਾਬਕਾ ਸਫੀਰ ਸ਼ੌਕਤ ਮੁਕੱਦਮ ਦੀ ਧੀ ਨੂਰ ਮੁਕੱਦਮ ਦੀ ਹੱਤਿਆ ਦੇ ਦੋਸ਼ ਵਿੱਚ ਇਥੋਂ ਦੀ ਸੈਸ਼ਨਜ਼ ਅਦਾਲਤ ਨੇ ਸਨਅਤਕਾਰ ਜ਼ਹੀਰ ਜਫਰ ਨੂੰ ਦੋਸ਼ੀ ਠਹਿਰਾਇਆ ਸੀ ਤੇ ਵੀਰਵਾਰ ਨੂੰ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਨੂਰ ਮੁਕੱਦਮ (27) ਜ਼ਹੀਰ ਜਫਰ ਦੀ ਦੋਸਤ ਸੀ ਤੇ ਦੋਹਾਂ ਦੀ ਮੰਗਣੀ ਵੀ ਹੋ ਗਈ ਸੀ। ਇਸ ਮਗਰੋਂ ਨੂਰ ਨੇ ਜਫਰ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਨੂਰ ਦੀ ਲਾਸ਼ ਜਫਰ ਦੇ ਘਰੋਂ 20 ਜੁਲਾਈ 2021 ਨੂੰ ਮਿਲੀ ਸੀ ਤੇ ਉਸ ਦਾ ਸਿਰ ਧੜ ਤੋਂ ਅਲਗ ਕਰ ਦਿੱਤਾ ਗਿਆ ਸੀ। ਸ਼ੌਕਤ ਮੁਕੱਦਮ ਦੀ ਸ਼ਿਕਾਇਤ ’ਤੇ ਪੁਲੀਸ ਨੇ ਜਫਰ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਐਡੀਸ਼ਨਲ ਸੈਸ਼ਨਜ਼ ਜੱਜ ਅਤਾ ਰੱਬਾਨੀ ਨੇ ਜ਼ਹੀਰ ਜਫਰ ਨੂੰ ਪਾਕਿਸਤਾਨ ਪੀਨਲ ਕੋਡ ਦੀ ਧਾਰਾ 302 ਤਹਿਤ ਮੌਤ ਦੀ ਸਜ਼ਾ ਸੁਣਾਈ। ਇਸੇ ਦੌਰਾਨ ਅਦਾਲਤ ਨੇ ਜ਼ਹੀਰ ਦੇ ਪਿਤਾ ਜ਼ਾਕਿਰ ਜਫਰ, ਮਾਂ ਅਸਮਤ ਆਦਮਜੀ ਨੂੰ ਇਸ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ ਤੇ ਪਰਿਵਾਰ ਦੇ ਦੋ ਨੌਕਰਾਂ ਇਫਤਿਖਾਰ ਤੇ ਜਮੀਲ ਨੂੰ 10-10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਦੋਵੇਂ ਇਸ ਹੱਤਿਆ ਕੇਸ ਵਿਚ ਸ਼ਾਮਲ ਸਨ। -ਪੀਟੀਆਈ