ਇਸਲਾਮਾਬਾਦ: ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਸੰਕੇਤ ਦਿੱਤਾ ਕਿ ਦੇਸ਼ ਵਿੱਚ ਆਮ ਚੋਣਾਂ ਨਵੰਬਰ ਤੋਂ ਪਹਿਲਾਂ ਕਰਵਾਈਆਂ ਜਾ ਸਕਦੀਆਂ ਹਨ ਕਿਉਂਕਿ ਪੀਐੱਮਐੱਲ-ਐੱਨ ਦੇ ਆਗੂ ਸਿਆਸੀ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਆਰਥਿਕ ਮੁੱਦਿਆਂ ’ਤੇ ਮਹੱਤਵਪੂਰਨ ਗੱਲਬਾਤ ਕਰਨ ਲਈ ਲੰਡਨ ਵਿੱਚ ਹਨ। ਆਸਿਫ਼ ਨੇ ਇਹ ਗੱਲ ਬੀਬੀਸੀ ਉਰਦੂ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਇੱਕ ਇੰਟਰਵਿਊ ਵਿੱਚ ਕਹੀ। ਉਨ੍ਹਾਂ ਤੋਂ ਮੌਜੂਦਾ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਇਸ ਸਾਲ ਨਵੰਬਰ ਅਖ਼ੀਰ ਤੱਕ ਸੇਵਾਮੁਕਤ ਹੋਣ ਮਗਰੋਂ ਸੈਨਾ ਮੁਖੀ ਦੀ ਨਿਯੁਕਤੀ ਬਾਰੇ ਪੁੱਛਿਆ ਗਿਆ ਸੀ। ਆਸਿਫ਼ ਨੇ ਕਿਹਾ, ‘‘ਸੰਭਵ ਹੈ ਕਿ ਨਵੇਂ ਸੈਨਾ ਮੁਖੀ ਦੀ ਨਿਯੁਕਤੀ ਤੋਂ ਪਹਿਲਾਂ ਚੋਣਾਂ ਕਰਵਾਈਆਂ ਜਾਣ… ਸੰਭਵ ਹੈ ਕਿ ਨਵੀਂ ਸਰਕਾਰ ਨਵੰਬਰ ਤੋਂ ਪਹਿਲਾਂ ਕਾਰਜਕਾਰੀ ਸਰਕਾਰ ਦੀ ਥਾਂ ਲੈ ਲਵੇ।’’ ਪਾਕਿਸਤਾਨ ਦੇ ਸੰਵਿਧਾਨ ਮੁਤਾਬਕ, ਸੰਸਦ ਭੰਗ ਹੋਣ ਮਗਰੋਂ ਚੋਣਾਂ ਕਰਵਾਉਣ ਲਈ ਵੱਧ ਤੋਂ ਵੱਧ 90 ਦਿਨ ਤੱਕ ਕਾਰਜਕਾਰੀ ਸਰਕਾਰ ਬਣਾਈ ਜਾ ਸਕਦੀ ਹੈ। ਮੌਜੂਦਾ ਕੌਮੀ ਅਸੈਂਬਲੀ ਦਾ ਕਾਰਜਕਾਲ ਅਗਲੇ ਸਾਲ ਅਗਸਤ ਤੱਕ ਪੂਰਾ ਹੋ ਜਾਵੇਗਾ। -ਪੀਟੀਆਈ