ਮੁੱਖ ਅੰਸ਼
- ਹਾਈਡਰੋ ਪ੍ਰਾਜੈਕਟਾਂ ਦੇ ਨੀਂਹ ਪੱਥਰ ਸਿੰਧੂ ਜਲ ਸਮਝੌਤੇ ਦੀ ਉਲੰਘਣਾ ਕਰਾਰ
- ਮੋਦੀ ਦਾ ਦੌਰਾ ਵਾਦੀ ਦੇ ਅਸਲ ਹਾਲਾਤ ’ਤੇ ‘ਪਰਦਾ ਪਾਉਣ ਦੀ ਕੋਸ਼ਿਸ਼’
ਇਸਲਾਮਾਬਾਦ, 25 ਅਪਰੈਲ
ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਸ਼ਮੀਰ ਦੌਰੇ ’ਤੇ ਇਤਰਾਜ਼ ਜਤਾਇਆ ਹੈ। ਜ਼ਿਕਰਯੋਗ ਹੈ ਕਿ ਮੋਦੀ ਨੇ ਐਤਵਾਰ ਚਨਾਬ ਦਰਿਆ ਉਤੇ ਜਲ ਬਿਜਲੀ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਸਨ। ਪਾਕਿਸਤਾਨ ਨੇ ਕਿਹਾ ਹੈ ਕਿ ਰਤਲੇ ਤੇ ਕਵਾਰ ਹਾਈਡਰੋਇਲੈਕਟ੍ਰਿਕ ਪਾਵਰ ਪ੍ਰਾਜੈਕਟ ਸਿੰਧੂ ਜਲ ਸੰਧੀ ਦੀ ਉਲੰਘਣਾ ਹਨ। ਅਗਸਤ-2019 ਵਿਚ ਧਾਰਾ 370 ਹਟਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਜੰਮੂ ਕਸ਼ਮੀਰ ਦਾ ਦੌਰਾ ਕੀਤਾ ਸੀ। ਇਹ ਪ੍ਰਾਜੈਕਟ ਕਿਸ਼ਤਵਾੜ ਜ਼ਿਲ੍ਹੇ ਵਿਚ ਉਸਾਰੇ ਜਾਣੇ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਪ੍ਰਧਾਨ ਮੰਤਰੀ ਮੋਦੀ ਦੇ ਵਾਦੀ ਦੇ ਦੌਰੇ ਨੂੰ ‘ਉੱਥੇ ਹਾਲਾਤ ਆਮ ਵਾਂਗ ਦਿਖਾਉਣ ਦੀ ਇਕ ਹੋਰ ਚਾਲ’ ਕਰਾਰ ਦਿੱਤਾ ਹੈ। ਵਿਦੇਸ਼ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ 5 ਅਗਸਤ, 2019 ਤੋਂ ਬਾਅਦ ਕੌਮਾਂਤਰੀ ਭਾਈਚਾਰੇ ਨੇ ਅਜਿਹੀਆਂ ਕਈ ਕੋਸ਼ਿਸ਼ਾਂ ਦੇਖੀਆਂ ਹਨ ਜਿਨ੍ਹਾਂ ਵਿਚ ਭਾਰਤ ਨੇ ਕਸ਼ਮੀਰ ਵਿਚਲੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦਾ ਯਤਨ ਕੀਤਾ ਹੈ। ਪਾਕਿਸਤਾਨ ਵਿਦੇਸ਼ ਵਿਭਾਗ ਨੇ ਕਿਹਾ ਕਿ ਉਹ ਕਸ਼ਮੀਰੀਆਂ ਨੂੰ ਉਨ੍ਹਾਂ ਦੇ ‘ਵਾਜਬ ਸੰਘਰਸ਼ ਲਈ ਹਮਾਇਤ ਦਿੰਦੇ ਰਹਿਣਗੇ।’ ਉਨ੍ਹਾਂ ਕਿਹਾ ਕਿ ਰਤਲੇ ਪ੍ਰਾਜੈਕਟ ਦੇ ਡਿਜ਼ਾਈਨ ਉਤੇ ਪਾਕਿਸਤਾਨ ਨੂੰ ਇਤਰਾਜ਼ ਹੈ, ਤੇ ਕਵਾਰ ਪਲਾਂਟ ਬਾਰੇ ਭਾਰਤ ਨੇ ਹਾਲੇ ਤੱਕ ਸੰਧੀ ਤਹਿਤ ਪਾਕਿਸਤਾਨ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਪਾਕਿਸਤਾਨ ਨੇ ਭਾਰਤ ਨੂੰ ਸੱਦਾ ਦਿੱਤਾ ਕਿ ਉਹ ਸਿੰਧੂ ਜਲ ਸਮਝੌਤੇ ਤਹਿਤ ਆਪਣੀ ਜ਼ਿੰਮੇਵਾਰੀ ਨੂੰ ਨਿਭਾਏ ਤੇ ਅਜਿਹਾ ਕੋਈ ਵੀ ਕਦਮ ਚੁੱਕਣ ਤੋਂ ਗੁਰੇਜ਼ ਕਰੇ ਜੋ ਸਮਝੌਤੇ ਦੀ ਉਲੰਘਣਾ ਕਰਦਾ ਹੋਵੇ। ਜ਼ਿਕਰਯੋਗ ਹੈ ਕਿ ਸਿੰਧੂ ਜਲ ਸਮਝੌਤਾ ਭਾਰਤ ਤੇ ਪਾਕਿਸਤਾਨ ਵਿਚਾਲੇ 1960 ਵਿਚ ਹੋਇਆ ਸੀ। ਇਸ ਉਤੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੇ ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖਾਨ ਨੇ ਸਹੀ ਪਾਈ ਸੀ। ਇਹ ਸੰਧੀ ਸਿੰਧੂ ਨਦੀ ਤੇ ਇਸ ਦੀਆਂ ਸਹਾਇਕ ਨਦੀਆਂ ਦੇ ਪਾਣੀ ਨੂੰ ਵਰਤਣ ਬਾਰੇ ਹੈ ਜੋ ਕਿ ਦੋਵਾਂ ਦੇਸ਼ਾਂ ਵਿਚ ਵਹਿੰਦੀਆਂ ਹਨ। -ਪੀਟੀਆਈ
ਕਸ਼ਮੀਰ ਮਸਲੇ ਦੇ ਹੱਲ ਬਿਨਾਂ ਟਿਕਾਊ ਸ਼ਾਂਤੀ ਸੰਭਵ ਨਹੀਂ: ਸ਼ਰੀਫ਼
ਪਾਕਿਸਤਾਨ ਦੇ ਨਵ-ਨਿਯੁਕਤ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਭਾਰਤ ਨਾਲ ਚੰਗੇ ਰਿਸ਼ਤਿਆਂ ਦੀ ਇੱਛਾ ਜ਼ਾਹਿਰ ਕੀਤੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕਸ਼ਮੀਰ ਮਸਲੇ ਦੇ ਵਾਜਬ ਹੱਲ ਬਿਨਾਂ ਟਿਕਾਊ ਸ਼ਾਂਤੀ ਕਾਇਮ ਨਹੀਂ ਹੋ ਸਕਦੀ। ਵਿਦੇਸ਼ ਵਿਭਾਗ ਨੇ ਸ਼ਰੀਫ਼ ਦੇ ਹਵਾਲੇ ਨਾਲ ਕਿਹਾ ਕਿ ਜੰਮੂ ਕਸ਼ਮੀਰ ਮਸਲੇ ਨੂੰ ਸੰਯੁਕਤ ਰਾਸ਼ਟਰ ਦੇ ਮਤਿਆਂ ਤੇ ਕਸ਼ਮੀਰੀਆਂ ਦੀ ਇੱਛਾ ਮੁਤਾਬਕ ਹੱਲ ਕਰਨ ਦੀ ਲੋੜ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵਾਂ ਮੁਲਕਾਂ ਤੇ ਖਿੱਤੇ ਦਾ ਵਿਕਾਸ ਤਾਂ ਹੀ ਸੰਭਵ ਹੈ ਜੇ ਭਾਰਤ ਤੇ ਪਾਕਿਸਤਾਨ ਅਰਥਪੂਰਨ ਸੰਵਾਦ ਕਰਨ ਤੇ ਕਸ਼ਮੀਰ ਸਣੇ ਸਾਰੇ ਬਕਾਇਆ ਮੁੱਦਿਆਂ ਦਾ ਸ਼ਾਂਤੀਪੂਰਨ ਹੱਲ ਕੱਢਣ।
ਵਿਸਾਖੀ ਮੌਕੇ ਪਾਕਿਸਤਾਨ ਨੇ 2200 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ
ਪਾਕਿਸਤਾਨ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਵਿਸਾਖੀ ਦੇ ਜਸ਼ਨਾਂ ਵਿਚ ਹਿੱਸਾ ਲੈਣ ਲਈ ਭਾਰਤ ਦੇ 2200 ਸਿੱਖ ਸ਼ਰਧਾਲੂਆਂ ਨੂੰ 12-21 ਅਪਰੈਲ ਲਈ ਵੀਜ਼ਾ ਜਾਰੀ ਕੀਤੇ ਹਨ। ਨਵੀਂ ਦਿੱਲੀ ਤੋਂ ਜਾਰੀ ਹੋਈ ਵੀਜ਼ੇ ਹੋਰਾਂ ਮੁਲਕਾਂ ਵਿਚ ਸਿੱਖਾਂ ਨੂੰ ਦਿੱਤੇ ਗਏ ਵੀਜ਼ਿਆਂ ਤੋਂ ਵੱਖਰੇ ਹਨ। ਸ਼ਰਧਾਲੂਆਂ ਨੇ ਇਸ ਮੌਕੇ ਗੁਰਦੁਆਰਾ ਪੰਜਾ ਸਾਹਿਬ, ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਹਨ।