ਕੋਲੰਬੋ, 12 ਅਗਸਤ
ਪਾਕਿਸਤਾਨ ਦਾ ਨਵਾਂ ਜੰਗੀ ਬੇੜਾ ਪੀਐੱਨਐੱਸ ਤੈਮੂਰ ਸ਼ੁੱਕਰਵਾਰ ਨੂੰ ਕੋਲੰਬੋ ਬੰਦਰਗਾਹ ’ਤੇ ਪੁੱਜ ਗਿਆ ਹੈ ਅਤੇ ਇਹ ਪੱਛਮੀ ਸਮੁੰਦਰ ਵਿੱਚ ਸ੍ਰੀਲੰਕਾ ਦੀ ਜਲ ਸੈਨਾ ਨਾਲ ਇੱਕ ਸਾਂਝਾ ਅਭਿਆਸ ਕਰੇਗਾ। ਸ੍ਰੀਲੰਕਾ ਦੀ ਬੰਦਰਗਾਹ ’ਤੇ ਇਹ ਪਾਕਿਸਤਾਨੀ ਬੇੜਾ ਉਸ ਵੇਲੇ ਪੁੱਜਿਆ ਹੈ, ਜਦੋਂ ਕੋਲੰਬੋ ਨੇ ਪੇਈਚਿੰਗ ਨੂੰ ਹੰਬਨਟੋਟਾ ਬੰਦਰਗਾਹ ’ਤੇ ਚੀਨੀ ਖੋਜ ਜਹਾਜ਼ ‘ਯੁਆਨ ਵਾਂਗ 5’ ਦੀ ਯਾਤਰਾ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਭਾਰਤ ਨੇ ਬੈਲਿਸਟਿਕ ਮਿਜ਼ਾਈਲ ਅਤੇ ਸੈਟੇਲਾਈਟ ਟਰੈਕਿੰਗ ਜਹਾਜ਼ ਦੀ ਮੌਜੂਦਗੀ ਕਾਰਨ ਸੁਰੱਖਿਆ ਬਾਰੇ ਫਿਕਰ ਜ਼ਾਹਿਰ ਕੀਤਾ ਸੀ। ਬੰਗਲਾਦੇਸ਼ ਦੀ ਸਰਕਾਰ ਵੱਲੋਂ ਪਾਕਿਸਤਾਨੀ ਜਲ ਸੈਨਾ ਵਿੱਚ ਸ਼ਾਮਲ ਹੋਣ ਜਾ ਰਹੇ ਪੀਐੱਨਐੱਸ ਤੈਮੂਰ ਨੂੰ ਚੱਟੋਗ੍ਰਾਮ ਬੰਦਰਗਾਹ ’ਤੇ ਰੁਕਣ ਦੀ ਇਜਾਜ਼ਤ ਨਾ ਦੇਣ ਮਗਰੋਂ ਸ੍ਰੀਲੰਕਾ ਨੇ ਇਸ ਬੇੜੇ ਨੂੰ ਕੋਲੰਬੋ ਬੰਦਰਗਾਹ ’ਤੇ ਠਹਿਰਾਅ ਕਰਨ ਦੀ ਆਗਿਆ ਦਿੱਤੀ।
ਇੱਕ ਆਨਲਾਈਨ ਨਿਊਜ਼ ਪੋਰਟਲ ਅਨੁਸਾਰ ਪਾਕਿਸਤਾਨੀ ਬੇੜੇ ਦੇ 15 ਅਗਸਤ ਤੱਕ ਕੋਲੰਬੋ ਵਿੱਚ ਰੁਕਣ ਦੀ ਸੰਭਾਵਨਾ ਹੈ ਅਤੇ ਇਸ ਦੌਰਾਨ ਜਹਾਜ਼ ਦਾ ਅਮਲਾ ਸ੍ਰੀਲੰਕਾ ਦੀ ਜਲ ਸੈਨਾ ਵੱਲੋਂ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਵਿਚਕਾਰ ਸਹਿਯੋਗ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਕਰਵਾਏ ਜਾ ਰਹੇ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲਵੇਗਾ। ਇਸ ਤੋਂ ਇਲਾਵਾ 15 ਅਗਸਤ ਨੂੰ ਰਵਾਨਾ ਹੋਣ ਤੋਂ ਪਹਿਲਾਂ ਪੀਐੱਨਐੱਸ ਤੈਮੂਰ ਦੇ ਸ੍ਰੀਲੰਕਾ ਨਾਲ ਮਿਲ ਕੇ ਪੱਛਮੀ ਸਮੁੰਦਰ ਵਿੱਚ ਜਲ ਸੈਨਾ ਦੇ ਅਭਿਆਸ ਵਿੱਚ ਹਿੱਸਾ ਲੈਣ ਦੀ ਵੀ ਉਮੀਦ ਹੈ। ਇਸੇ ਤਰ੍ਹਾਂ ਆਪਣੇ ਕਰਾਚੀ ਤੱਕ ਦੇ ਸਫ਼ਰ ਦੌਰਾਨ ਪੀਐੱਨਐੱਸ ਤੈਮੂਰ ਮਲੇਸ਼ੀਆ ਅਤੇ ਕੰਬੋਡੀਆ ਵੱਲੋਂ ਕਰਵਾਏ ਜਾਣ ਵਾਲੇ ਅਭਿਆਸ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲਵੇਗਾ। ਪੀਐੱਨਐੱਸ ਤੈਮੂਰ ਚੀਨ ਵੱਲੋਂ ਬਣਾਏ ਗਏ ਚਾਰ ਸ਼ਕਤੀਸ਼ਾਲੀ 054ਏ/ਪੀ ਫ੍ਰੀਗੇਟਸ ਵਿੱਚੋਂ ਦੂੁਜਾ ਹੈ, ਜਿਸ ਨੂੰ ਸ਼ੰਘਾਈ ਵਿੱਚ 23 ਜੂੁਨ ਨੂੰ ਪਾਕਿਸਤਾਨੀ ਜਲ ਸੈਨਾ ਦੇ ਹਵਾਲੇ ਕੀਤਾ ਗਿਆ ਸੀ। -ਪੀਟੀਆਈ