ਇਸਲਾਮਾਬਾਦ, 7 ਜੁਲਾਈ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਹਮਾਇਤ ਅਤੇ ਸੈਨਾ ਦੀ ਆਲੋਚਨਾ ਕਰਨ ਵਾਲੇ ਇੱਕ ਟੀਵੀ ਪੱਤਰਕਾਰ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ, ਜਦ ਕਿ ਗ੍ਰਿਫ਼ਤਾਰੀ ਤੋਂ ਕੁੱਝ ਘੰਟੇ ਪਹਿਲਾਂ ਹੀ ਇੱਕ ਸਥਾਨਕ ਅਦਾਲਤ ਨੇ ਉਸ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਪੰਜਾਬ ਦੇ ਅਟਕ ਜ਼ਿਲ੍ਹੇ ਦੀ ਪੁਲੀਸ ਨੇ ਨਫ਼ਰਤ ਫੈਲਾਉਣ ਦੇ ਦੋਸ਼ ਹੇਠ ਪਿਛਲੇ ਹਫ਼ਤੇ ਦਰਜ ਕੀਤੇ ਇੱਕ ਮਾਮਲੇ ਸਬੰਧੀ ਮੰਗਲਵਾਰ ਦੀ ਰਾਤ ਇਸਲਾਮਾਬਾਦ ਨੇੜਿਓਂ ਇਮਰਾਨ ਰਿਆਜ਼ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਅਟਕ ਸ਼ਹਿਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਪੁਲੀਸ ਨੇ ਪੁੱਛ ਪੜਤਾਲ ਲਈ ਤਿੰਨ ਦਿਨ ਦਾ ਰਿਮਾਂਡ ਮੰਗਿਆ ਪਰ ਅੱਜ ਅਦਾਲਤ ਨੇ ਰਿਆਜ਼ ਨੂੰ ਤੁਰੰਤ ਰਿਹਾਅ ਕਰਨ ਦਾ ਹੁਕਮ ਦਿੱਤਾ। ਅਦਾਲਤ ਦੇ ਫ਼ੈਸਲੇ ਮਗਰੋਂ ਪੱਤਰਕਾਰ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ। -ਪੀਟੀਆਈ