ਲਾਹੌਰ, 24 ਨਵੰਬਰ
ਪਾਕਿਸਤਾਨ ਦੇ ਦਹਿਸ਼ਤਗਰਦੀ ਵਿਰੋਧੀ ਵਿਭਾਗ (ਸੀਟੀਡੀ) ਵਲੋਂ ਅੱਜ ਦਾਅਵਾ ਕੀਤਾ ਗਿਆ ਹੈ ਕਿ ਵਾਹਗਾ ਸਰਹੱਦ ਨੇੜੇ ਸਥਿਤ ਪੁਲੀਸ ਸਟੇਸ਼ਨ ’ਤੇ ਸੰਭਾਵਿਤ ਫ਼ਿਦਾਈਨ ਹਮਲੇ ਨੂੰ ਨਾਕਾਮ ਕਰਦਿਆਂ ਫ਼ਿਦਾਈਨ ਹਮਲਾਵਰ ਨੂੰ ਹਲਾਕ ਕਰ ਦਿੱਤਾ ਗਿਆ ਹੈ।
ਸੀਟੀਡੀ ਦੇ ਤਰਜਮਾਨ ਅਨੁਸਾਰ ਸ਼ੱਕੀ ਵਿਅਕਤੀ ਨੇ ਅੱਜ ਵੱਡੇ ਤੜਕੇ ਬੁਰਕੀ ਰੋਡ ਸਥਿਤ ਪੁਲੀਸ ਸਟੇਸ਼ਨ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਤਰਜਮਾਨ ਨੇ ਦੱਸਿਆ, ‘‘ਜਦੋਂ ਉਹ ਪੁਲੀਸ ਸਟੇਸ਼ਨ ਵੱਲ ਜਾਂਦਿਆਂ ਚੈੱਕ ਪੋਸਟ ਨੇੜੇ ਪਹੁੰਚਿਆ ਤਾਂ ਉੱਥੇ ਤਾਇਨਾਤ ਸੁਰੱਖਿਆ ਮੁਲਾਜ਼ਮ ਨੇ ਉਸ ਦਾ ਨਾਂ ਪੁੱਛਿਆ। ਦਹਿਸ਼ਤਗਰਦ ਨੇ ਤੁਰੰਤ ਸੀਟੀਡੀ ਸੁਰੱਖਿਆ ਮੁਲਾਜ਼ਮ ’ਤੇ ਆਪਣੀ ਪਿਸਤੌਲ ਨਾਲ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਪ੍ਰੰਤੂ ਉਸ ਦਾ ਨਿਸ਼ਾਨਾ ਖੁੰਝ ਗਿਆ। ਏਨੇ ਵਿੱਚ ਸੀਟੀਡੀ ਦੇ ਸੁਰੱਖਿਆ ਮੁਲਾਜ਼ਮ ਨੇ ਜਵਾਬੀ ਫਾਇਰਿੰਗ ਕਰ ਦਿੱਤੀ ਅਤੇ ਹਮਲਾਵਰ ਮੌਕੇ ’ਤੇ ਹੀ ਹਲਾਕ ਹੋ ਗਿਆ। ਜਦੋਂ ਮ੍ਰਿਤਕ ਦੇਹ ਦੀ ਤਲਾਸ਼ੀ ਲਈ ਗਈ ਤਾਂ ਉਸ ਨੇ ਫ਼ਿਦਾਈਨ ਜੈਕੇਟ ਪਹਿਨੀ ਹੋਈ ਸੀ। ’’ ਉਨ੍ਹਾਂ ਦੱਸਿਆ ਕਿ ਮ੍ਰਿਤਕ ਕੋਲੋਂ ਦੋ ਹੈਂਡ ਗ੍ਰੇਨੇਡ ਅਤੇ ਕਾਰਤੂਸਾਂ ਨਾਲ ਭਰਿਆ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ। ਬੰਬ ਨਕਾਰਾ ਕਰਨ ਵਾਲੀ ਸਕੁਐਡ ਨੂੰ ਮੌਕੇ ’ਤੇ ਬੁਲਾਇਆ ਗਿਆ ਅਤੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ। ਤਰਜਮਾਨ ਨੇ ਦੱਸਿਆ, ‘‘ਇਹ ਹੁਣ ਸਪੱਸ਼ਟ ਹੋ ਗਿਆ ਹੈ ਕਿ ਉਹ ਫ਼ਿਦਾਈਨ ਹਮਲਾਵਰ ਸੀ, ਜਿਸ ਨੂੰ ਜੇਕਰ ਨਾ ਰੋਕਿਆ ਜਾਂਦਾ ਤਾਂ ਉਸ ਨੇ ਬੁਰਕੀ ਪੁਲੀਸ ਸਟੇਸ਼ਨ ਵਿੱਚ ਆਪਣੇ-ਆਪ ਨੂੰ ਧਮਾਕੇ ਨਾਲ ਉਡਾ ਦੇਣਾ ਸੀ।’’ -ਪੀਟੀਆਈ