ਲੰਡਨ, 5 ਅਕਤੂਬਰ
ਪਾਰਦਰਸ਼ੀ ਢੰਗ ਨਾਲ ਕੰਮ ਕਰਨ ਵਾਲੇ ਵਕੀਲ, ਬ੍ਰਿਟੇਨ ਤੋਂ ਮਨੀ ਲਾਂਡਰਿੰਗ ਤੇ ਟੈਕਸ ਤੋਂ ਬਚਣ ਲਈ ਦੇਸ਼ ਦੀ ਸੁਰੱਖਿਆ ਨੂੰ ਸਖਤ ਕਰਨ ਦੀ ਮੰਗ ਕਰ ਰਹੇ ਹਨ। ਵਿੱਤੀ ਅੰਕੜਿਆਂ ਦੇ ਵੱਡੇ ਪੱਧਰ ’ਤੇ ਲੀਕ ਹੋਣ ਤੋਂ ਬਾਅਦ ਇਹ ਦਿਖਾਇਆ ਗਿਆ ਕਿ ਲੰਡਨ ਕਿਵੇਂ ਦੁਨੀਆ ਦੇ ਕੁਝ ਅਮੀਰ ਤੇ ਸਭ ਤੋਂ ਸ਼ਕਤੀਸ਼ਾਲੀ ਲੋਕਾਂ ਲਈ ਆਪਣਾ ਕਾਲਾ ਧਨ ਛੁਪਾਉਣ ਲਈ ਪਸੰਦ ਬਣਿਆ ਹੋਇਆ ਹੈ। ਲਗਭਗ 12 ਮਿਲੀਅਨ ਫਾਈਲਾਂ ਦਾ ਜ਼ਖੀਰਾ ਇਹ ਦਿਖਾਉਂਦਾ ਹੈ ਕਿ ਦੁਨੀਆ ਭਰ ਦੇ ਅਮੀਰ ਲੋਕਾਂ ਨੇ ਕਥਿਤ ਤੌਰ ’ਤੇ ਜਾਇਦਾਦ ਖਰੀਦਣ ਅਤੇ ਟੈਕਸਾਂ ਤੋਂ ਬਚਣ ਲਈ ਕਿਵੇਂ ਵਿਦੇਸ਼ੀ ਕੰਪਨੀਆਂ ਬਣਾਈਆਂ।
ਲੰਡਨ ਵਿੱਚ ਇਸ ਤਰ੍ਹਾਂ ਦੀਆਂ ਕੰਪਨੀਆਂ ਦੇ ਲਾਭਪਾਤਰੀਆਂ ਵਜੋਂ ਪਛਾਣੇ ਗਏ ਵਿਦੇਸ਼ੀ ਵਿਅਕਤੀਆਂ ਵਿੱਚ ਜੋਰਡਨ ਦੇ ਰਾਜਾ ਅਬਦੁੱਲਾ II, ਅਜ਼ਰਬਾਇਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹਿਯੋਗੀ ਸ਼ਾਮਲ ਹਨ। ਅਬਦੁੱਲਾ ਨੇ ਕਿਸੇ ਵੀ ਤਰ੍ਹਾਂ ਦੀ ਅਣਉਚਿਤਤਾ ਤੋਂ ਇਨਕਾਰ ਕੀਤਾ ਹੈ। ਇੰਜ ਹੀ ਖਾਨ ਨੇ ਟਵੀਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਉਸ ਵਿਅਕਤੀ ਦੀ ਜਾਂਚ ਕਰੇਗੀ ਜਿਸ ਦਾ ਨਾਮ ਸਾਹਮਣੇ ਆਇਆ ਹੈ। ਜੇ ਕੋਈ ਗਲਤ ਪਾਇਆ ਗਿਆ ਤਾਂ ਉਸ ਖ਼ਿਲਾਫ਼ ਉੱਚਿਤ ਕਾਰਵਾਈ ਕਰੇਗੀ। ਇਸ ਸਬੰਧੀ ਅਲੀਯੇਵ ਨੇ ਕੋਈ ਟਿੱਪਣੀ ਨਹੀਂ ਕੀਤੀ।
ਲੀਕ ਹੋਏ ਵਿੱਤੀ ਅੰਕੜਿਆਂ, ਜਿਸ ਨੂੰ ‘ਪੰਡੋਰਾ ਪੇਪਰਜ਼’ ਕਿਹਾ ਜਾਂਦਾ ਹੈ, ਨੂੰ ਐਤਵਾਰ ਨੂੰ ਇੰਟਰਨੈਸ਼ਨਲ ਕੰਸੋਰਟੀਅਮ ਆਫ਼ ਇਨਵੈਸਟੀਗੇਟਿਵ ਜਰਨਲਿਸਟਸ ਅਤੇ ਇਸ ਦੇ ਮੀਡੀਆ ਭਾਈਵਾਲਾਂ ਸਮੇਤ ਬ੍ਰਿਟੇਨ ਦੇ ਗਾਰਡੀਅਨ ਅਖ਼ਬਾਰ ਅਤੇ ਬੀਬੀਸੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ। ਹਾਲਾਂਕਿ ਬ੍ਰਿਟਿਸ਼ ਕਾਨੂੰਨ ਤਹਿਤ ਖਰੀਦ ਕਾਨੂੰਨੀ ਹੈ। -ਏਪੀ