ਕਾਬੁਲ, 2 ਸਤੰਬਰ
ਅਫ਼ਗਾਨਿਸਤਾਨ ਦੀ ਪੰਜਸ਼ੀਰ ਵਾਦੀ ਵਿੱਚ ਤਾਲਿਬਾਨੀ ਲੜਾਕਿਆਂ ਤੇ ਸਥਾਨਕ ਆਗੂ ਅਹਿਮਦ ਮਸੂਦ ਦੇ ਵਫ਼ਾਦਾਰ ਲੜਾਕਿਆਂ ਦਰਮਿਆਨ ਟਕਰਾਅ ਅੱਜ ਵੀ ਜਾਰੀ ਰਿਹਾ। ਦੋਵਾਂ ਧਿਰਾਂ ਨੇ ਪਿਛਲੇ ਕੁਝ ਦਿਨਾਂ ਤੋਂ ਜਾਰੀ ਲੜਾਈ ਵਿੱਚ ਖ਼ੁਦ ਨੂੰ ਵੱਡਾ ਨੁਕਸਾਨ ਹੋਣ ਦੀ ਗੱਲ ਕਬੂਲੀ ਹੈ। ਕਾਬਿਲੇਗੌਰ ਹੈ ਕਿ ਪੰਜਸ਼ੀਰ ਵਾਦੀ ਅਫ਼ਗ਼ਾਨਿਸਤਾਨ ਦਾ ਇਕੋ ਇਕ ਇਲਾਕਾ ਹੈ, ਜੋ ਅਜੇ ਤੱਕ ਤਾਲਿਬਾਨ ਦੀ ਗ੍ਰਿਫ਼ਤ ਵਿੱਚ ਨਹੀਂ ਆਇਆ। ਪਿਛਲੇ ਮਹੀਨੇ 15 ਅਗਸਤ ਨੂੰ ਅਫ਼ਗ਼ਾਨ ਰਾਜਧਾਨੀ ਕਾਬੁਲ ’ਤੇ ਤਾਲਿਬਾਨੀ ਲੜਾਕਿਆਂ ਦੇ ਕਬਜ਼ੇ ਮਗਰੋਂ ਸਥਾਨਕ ਮਿਲੀਸ਼ੀਆ ਦੇ ਹਜ਼ਾਰਾਂ ਲੜਾਕੇ ਤੇ ਅਫ਼ਗ਼ਾਨ ਫੌਜ ਤੇ ਸਲਾਮਤੀ ਦਸਤਿਆਂ ਦੀਆਂ ਬਚੀਆਂ ਖੁਚੀਆਂ ਇਕਾਈਆਂ ਤਾਲਿਬਾਨ ਲੜਾਕਿਆਂ ਦੇ ਟਾਕਰੇ ਲਈ ਪੰਜਸ਼ੀਰ ਵਿੱਚ ਇਕੱਠੀਆਂ ਹੋ ਗਈਆਂ ਸਨ। -ਏਜੰਸੀ