ਵਾਸ਼ਿੰਗਟਨ, 3 ਦਸੰਬਰ
ਅਮਰੀਕੀ ਸੈਨੇਟ ਨੇ ਵੱਖ ਵੱਖ ਮੁਲਕਾਂ ਲਈ ਰੁਜ਼ਗਾਰ ਆਧਾਰਿਤ ਇਮੀਗਰੈਂਟ ਵੀਜ਼ਿਆਂ ਦੀ ਗਿਣਤੀ ਦੀ ਹੱਦ ਤੈਅ ਖ਼ਤਮ ਕਰਨ ਵਾਲੇ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਹੈ। ਬਿੱਲ ਅਮਰੀਕਾ ’ਚ ਕੰਮ ਕਰਦੇ ਸੈਂਕੜੇ ਭਾਰਤੀ ਮਾਹਿਰਾਂ ਨੂੰ ਲਾਭ ਪਹੁੰਚਾਏਗਾ ਜੋ ਵਰ੍ਹਿਆਂ ਤੋਂ ਗਰੀਨ ਕਾਰਡ ਲੈਣ ਦੀ ਉਡੀਕ ਕਰ ਰਹੇ ਹਨ। ‘ਫੇਅਰਨੈੱਸ ਫਾਰ ਹਾਈ ਸਕਿੱਲਡ ਇਮੀਗਰੈਂਟਸ ਐਕਟ’ ਬੁੱਧਵਾਰ ਨੂੰ ਸੈਨੇਟ ਨੇ ਪਾਸ ਕੀਤਾ ਹੈ ਅਤੇ ਇਹ ਭਾਰਤੀ ਆਈਟੀ ਮਾਹਿਰਾਂ ਲਈ ਵੱਡੀ ਰਾਹਤ ਹੈ ਜੋ ਐੱਚ-1ਬੀ ਵੀਜ਼ਿਆਂ ’ਤੇ ਅਮਰੀਕਾ ਆਏ ਸਨ। ਬਿੱਲ ਪਿਛਲੇ ਸਾਲ 10 ਜੁਲਾਈ ਨੂੰ ਪ੍ਰਤੀਨਿਧ ਸਭਾ ’ਚ ਪਾਸ ਹੋ ਗਿਆ ਸੀ। ਬਿੱਲ ਨੇ ਪਰਿਵਾਰ ਆਧਾਰਿਤ ਇਮੀਗਰੈਂਟ ਵੀਜ਼ੇ ’ਤੇ ਉਸ ਵਰ੍ਹੇ ਮੌਜੂਦ ਕੁੱਲ ਵੀਜ਼ਿਆਂ ਦੇ ਪ੍ਰਤੀ ਮੁਲਕ 7 ਫ਼ੀਸਦ ਦੀ ਹੱਦ ਵਧਾ ਕੇ 15 ਫ਼ੀਸਦ ਕਰ ਦਿੱਤੀ ਸੀ। ਊਟਾਹ ਤੋਂ ਰਿਪਬਲਿਕ ਪਾਰਟੀ ਦੇ ਸੈਨੇਟਰ ਮਾਈਕ ਲੀ ਨੇ ਇਹ ਬਿੱਲ ਪੇਸ਼ ਕੀਤਾ ਸੀ। 2019 ’ਚ ਭਾਰਤੀ ਨਾਗਰਿਕਾਂ ਨੂੰ 9,008 ਸ਼੍ਰੇਣੀ 1, 2,908 ਸ਼੍ਰੇਣੀ 2 ਅਤੇ 5,083 ਸ਼੍ਰੇਣੀ 3 ਗਰੀਨ ਕਾਰਡ ਮਿਲੇ ਸਨ। ਜੁਲਾਈ ’ਚ ਸੈਨੇਟਰ ਲੀ ਨੇ ਸੈਨੇਟ ਨੂੰ ਦੱਸਿਆ ਸੀ ਕਿ ਜੇਕਰ ਭਾਰਤੀ ਨਾਗਰਿਕ ਨੇ ਗਰੀਨ ਕਾਰਡ ਜਾਂ ਪੱਕੀ ਨਾਗਰਿਕਤਾ ਲੈਣੀ ਹੈ ਤਾਂ ਉਸ ਨੂੰ 195 ਸਾਲ ਤੋਂ ਵੱਧ ਦਾ ਸਮਾਂ ਲੱਗ ਜਾਵੇਗਾ। ਇਸ ਸਮੇਂ ਕਰੀਬ 10 ਲੱਖ ਵਿਦੇਸ਼ੀ ਨਾਗਰਿਕ ਗਰੀਨ ਕਾਰਡ ਲੈਣ ਦੀ ਕਤਾਰ ’ਚ ਲੱਗੇ ਹੋਏ ਹਨ।
-ਪੀਟੀਆਈ