ਸੰਯੁਕਤ ਰਾਸ਼ਟਰ, 21 ਨਵੰਬਰ
ਅਸਿੱਧੇ ਤੌਰ ’ਤੇ ਪਾਕਿਸਤਾਨ ਵੱਲ ਸੰਕੇਤ ਕਰਦਿਆਂ ਭਾਰਤ ਨੇ ਅੱਜ ਸੰਯੁਕਤ ਰਾਸ਼ਟਰ ਨੂੰ ਦੱਸਿਆ ਹੈ ਕਿ ਅਫ਼ਗਾਨਿਸਤਾਨ ਨੂੰ ਸਫ਼ਲਤਾ ਉਦੋਂ ਹੀ ਮਿਲੇਗੀ ਜਦ ਡੂਰੰਡ ਲਾਈਨ ਦੇ ਆਰ-ਪਾਰ ਅਤਿਵਾਦ ਬੰਦ ਹੋਵੇਗਾ। ਭਾਰਤ ਨੇ ਜ਼ੋਰ ਦੇ ਕੇ ਕਿਹਾ ਕਿ ਦਹਿਸ਼ਤਗਰਦਾਂ ਨੂੰ ਸੁਰੱਖਿਅਤ ਮਾਹੌਲ ਦੇਣ ਵਾਲਿਆਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਤੇ ਸਲਾਮਤੀ ਕੌਂਸਲ ਨੂੰ ਅਜਿਹੀਆਂ ਤਾਕਤਾਂ ਖ਼ਿਲਾਫ਼ ਖੁੱਲ੍ਹ ਕੇ ਬੋਲਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਤੇ ਪਾਕਿਸਤਾਨ ਵਿਚਾਲੇ 2,640 ਕਿਲੋਮੀਟਰ ਲੰਮੀ ਸਰਹੱਦ ਡੂਰੰਡ ਲਾਈਨ ਕਹਾਉਂਦੀ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਨੁਮਾਇੰਦੇ ਟੀ.ਐੱਸ. ਤ੍ਰਿਮੂਰਤੀ ਨੇ ਕਿਹਾ ਕਿ ਸ਼ਾਂਤੀ ਤੇ ਹਿੰਸਾ ਨਾਲੋ-ਨਾਲ ਨਹੀਂ ਚੱਲ ਸਕਦੇ। ਭਾਰਤ ਤੁਰੰਤ ਵਿਆਪਕ ਗੋਲੀਬੰਦੀ ਦੀ ਮੰਗ ਕਰਦਾ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿਚ ਸ਼ਾਂਤੀ ਲਈ, ਪਹਿਲਾਂ ਡੂਰੰਡ ਲਾਈਨ ਦੇ ਆਰ-ਪਾਰ ਅਤਿਵਾਦੀਆਂ ਦੇ ਸੁਰੱਖਿਅਤ ਟਿਕਾਣਿਆਂ ਦਾ ਖਾਤਮਾ ਕਰਨਾ ਪਵੇਗਾ। ਸੰਯੁਕਤ ਰਾਸ਼ਟਰ ਵਿਚ ਅੱਜ ਇਕ ਬੈਠਕ ਰੱਖੀ ਗਈ ਸੀ ਜਿਸ ਵਿਚ ਅਫ਼ਗਾਨਿਸਤਾਨ ’ਚ ਸ਼ਾਂਤੀ ਲਈ ਸਲਾਮਤੀ ਕੌਂਸਲ ਦੀ ਭੂਮਿਕਾ ਉਤੇ ਚਰਚਾ ਕੀਤੀ ਗਈ।
ਇਸ ਮੌਕੇ ਤ੍ਰਿਮੂਰਤੀ ਨੇ ਕਿਹਾ ਕਿ ਰਿਪੋਰਟ ਮੁਤਾਬਕ ਅਫ਼ਗਾਨਿਸਤਾਨ ਵਿਚ ਵਿਦੇਸ਼ੀ ਲੜਾਕੂ ਮੌਜੂਦ ਹਨ। ਸ਼ਾਂਤੀ ਲਈ ਇਨ੍ਹਾਂ ਅਤਿਵਾਦੀਆਂ ਨੂੰ ਮਿਲਦੀ ਸਪਲਾਈ ਤੋੜਨ ਦੀ ਲੋੜ ਹੈ। ਭਾਰਤ ਦੇ ਨੁਮਾਇੰਦੇ ਨੇ ਕਿਹਾ ਕਿ ਅਫ਼ਗਾਨਿਸਤਾਨ ਇਸ ਵੇਲੇ ਅਹਿਮ ਮੋੜ ’ਤੇ ਖੜ੍ਹਾ ਹੈ ਤੇ ਕੌਮਾਂਤਰੀ ਭਾਈਚਾਰੇ, ਖ਼ਾਸ ਤੌਰ ’ਤੇ ਸਲਾਮਤੀ ਕੌਂਸਲ ਨੂੰ ਚਾਹੀਦਾ ਹੈ ਕਿ ਇਸ ਮਸਲੇ ਨਾਲ ਜੁੜੇ ਹਰੇਕ ਨੂੰ ਸਕਾਰਾਤਮਕ ਸੁਨੇਹਾ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਭਾਰਤ ਦਾ ਮਕਸਦ ਅਫ਼ਗਾਨਿਸਤਾਨ ਵਿਚ ਸਥਾਈ ਸ਼ਾਂਤੀ ਤੇ ਸਥਿਰਤਾ ਕਾਇਮ ਕਰਨਾ ਹੈ। ਇਹ ਪੂਰੇ ਖਿੱਤੇ ਦੀ ਸ਼ਾਂਤੀ-ਸਥਿਰਤਾ ਲਈ ਮਹੱਤਵਪੂਰਨ ਹੈ। ਇਸ ਮੰਤਵ ਦੀ ਪੂਰਤੀ ਲਈ ਜ਼ਰੂਰੀ ਹੈ ਕਿ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਇਹ ਯਕੀਨੀ ਬਣਾਏ ਕਿ ਸ਼ਾਂਤੀ ਪ੍ਰਕਿਰਿਆ ਅਫ਼ਗਾਨਿਸਤਾਨ ਦੀ ਅਗਵਾਈ ਵਿਚ ਹੋਵੇ। ਅਫ਼ਗਾਨਿਸਤਾਨ ਹੀ ਮੁਲਕ ਬਾਰੇ ਮਹੱਤਵਪੂਰਨ ਫ਼ੈਸਲੇ ਲਏ ਤੇ ਇਨ੍ਹਾਂ ਉਤੇ ਉਸ ਦੀ ਪਕੜ ਹੋਵੇ। -ਪੀਟੀਆਈ