ਇਸਲਾਮਾਬਾਦ: ਅਮਰੀਕਾ ਤੇ ਸੰਯੁਕਤ ਰਾਸ਼ਟਰ ਦੇ ਵਧਦੇ ਦਬਾਅ ਦਰਮਿਆਨ ਪਾਕਿਸਤਾਨ ਸਰਕਾਰ ਨੇ ਕਿਹਾ ਕਿ ਉਹ ਅਮਰੀਕੀ ਪੱਤਰਕਾਰ ਡੇਨੀਅਲ ਪਰਲ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਬਰਤਾਨਵੀ ਮੂਲ ਦੇ ਅਲਕਾਇਦਾ ਦਹਿਸ਼ਤਗਰਦ ਅਹਿਮਦ ਉਮਰ ਸਈਦ ਸ਼ੇਖ ਤੇ ਤਿੰਨ ਹੋਰਨਾਂ ਦੀ ਰਿਹਾਈ ਦੇ ਫੈਸਲੇ ’ਤੇ ਸਿੰਧ ਪ੍ਰਸ਼ਾਸਨ ਵੱਲੋ ਦਾਖ਼ਲ ਨਜ਼ਰਸਾਨੀ ਪਟੀਸ਼ਨ ਵਿੱਚ ਰਸਮੀ ਤੌਰ ’ਤੇ ਧਿਰ ਬਣੇਗੀ। ‘ਦਿ ਵਾਲ ਸਟਰੀਟ ਜਰਨਲ’ ਦੇ ਦੱਖਣੀ ਏਸ਼ੀਆ ਲਈ ਬਿਊਰੋ ਚੀਫ਼ 38 ਸਾਲਾ ਪਰਲ ਨੂੰ ਸਾਲ 2002 ਵਿੱਚ ਅਗਵਾ ਕਰਨ ਮਗਰੋਂ ਉਹਦਾ ਸਿਰ ਕਲਮ ਕਰ ਦਿੱਤਾ ਗਿਆ ਸੀ। ਪਰਲ ਉਦੋਂ ਪਾਕਿਸਤਾਨ ਦੀ ਤਾਕਤਵਾਰ ਖੁਫੀਆ ਏਜੰਸੀ ਆਈਐੱਸਆਈ ਤੇ ਅਲ-ਕਾਇਦਾ ਦੇ ਸਬੰਧਾਂ ’ਤੇ ਖੋਜੀ ਸਟੋਰੀ ਲਈ ਮੁਲਕ ਵਿੱਚ ਸੀ। ਚੇਤੇ ਰਹੇ ਕਿ ਸੁਪਰੀਮ ਕੋਰਟ ਨੇ ਲੰਘੇ ਵੀਰਵਾਰ ਨੂੰ ਮੁੱਖ ਮੁਲਜ਼ਮ ਸ਼ੇਖ਼ ਤੇ ਉਸ ਦੇ ਸਾਥੀਆਂ ਫਾਹਦ ਨਸੀਮ, ਸ਼ੇਖ ਆਦਿਲ ਤੇ ਸਲਮਾਨ ਸਾਕਬਿ ਦੀ ਰਿਹਾਈ ਖ਼ਿਲਾਫ਼ ਸਿੰਧ ਹਾਈ ਕੋਰਟ ਵੱਲੋਂ ਦਾਇਰ ਅਪੀਲਾਂ ਨੂੰ ਖਾਰਜ ਕਰਦਿਆਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ। ਪਰਲ ਪਰਿਵਾਰ ਨੇ ਸਿਖਰਲੀ ਅਦਾਲਤ ਦੇ ਇਸ ਫੈਸਲੇ ਨੂੰ ਹਾਸੋਹੀਣਾ ਕਰਾਰ ਦਿੱਤਾ ਸੀ। ਸਿੰਧ ਸਰਕਾਰ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਖ਼ਿਲਾਫ਼ ਨਜ਼ਰਸਾਨੀ ਪਟੀਸ਼ਨ ਦਾਖ਼ਲ ਕੀਤੀ ਹੈ। ਪਾਕਿਸਤਾਨੀ ਅਟਾਰਨੀ ਜਨਰਲ ਦੇ ਤਰਜਮਾਨ ਨੇ ਸ਼ਨਿੱਚਰਵਾਰ ਨੂੰ ਐਲਾਨ ਕੀਤਾ ਸੀ ਕਿ ਸੰਘੀ ਸਰਕਾਰ ਇਸ ਮਾਮਲੇ ਵਿੱਚ ਧਿਰ ਬਣਨ ਲਈ ਸਿਖਰਲੀ ਅਦਾਲਤ ਖ਼ਿਲਾਫ਼ ਢੁੱਕਵੀਂ ਅਰਜ਼ੀ ਦਾਖ਼ਲ ਕਰੇਗੀ। ਚੇਤੇ ਰਹੇ ਕਿ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਲੰਘੇ ਦਿਨੀਂ ਫੋਨ ’ਤੇ ਗੱਲਬਾਤ ਕਰਦਿਆਂ ਪਰਲ ਦੇ ਕਾਤਲਾਂ ਦੀ ਜੁਆਬਦੇਹੀ ਨਿਰਧਾਰਿਤ ਕਰਨ ਦੀ ਮੰਗ ਕਰਦਿਆਂ ਸਿਖਰਲੀ ਅਦਾਲਤ ਦੇ ਫੈਸਲੇ ਉਪਰ ‘ਵੱਡੀ ਚਿੰਤਾ’ ਜਤਾਈ ਸੀ। -ਪੀਟੀਆਈ