ਵਾਸ਼ਿੰਗਟਨ, 4 ਜਨਵਰੀ
ਉੱਘੀ ਡੈਮੋਕਰੈਟਿਕ ਸੰਸਦ ਮੈਂਬਰ ਨੈਂਸੀ ਪੇਲੋਸੀ ਨੂੰ ਅਮਰੀਕੀ ਪ੍ਰਤੀਨਿਧ ਸਭਾ (ਹੇਠਲੇ ਸਦਨ) ਦੀ ਸਪੀਕਰ ਚੁਣ ਲਿਆ ਗਿਆ ਹੈ। ਉਹ ਚੌਥੀ ਵਾਰ ਪ੍ਰਤੀਨਿਧ ਸਭਾ ਦੀ ਸਪੀਕਰ ਬਣੀ ਹੈ। ਪੇਲੋਸੀ (80) ਨੂੰ ਸਪੀਕਰ ਦੇ ਅਹੁਦੇ ਲਈ ਫ਼ਸਵੀ ਟੱਕਰ ਵਿਚ 216 ਵੋਟਾਂ ਮਿਲੀਆਂ ਜਦਕਿ ਰਿਪਬਲਿਕਨ ਕੇਵਿਨ ਮੈਕਾਰਥੀ ਨੂੰ 209 ਸੰਸਦ ਮੈਂਬਰਾਂ ਨੇ ਹਮਾਇਤ ਦਿੱਤੀ। ਨਵੰਬਰ ਚੋਣਾਂ ਵਿਚ ਡੈਮੋਕਰੈਟ 11 ਸੀਟਾਂ ਹਾਰ ਗਏ ਸਨ, ਪਰ 222-212 ਦੇ ਫ਼ਰਕ ਨਾਲ ਸਦਨ ਵਿਚ ਪਾਰਟੀ ਦਾ ਬਹੁਮੱਤ ਬਣਿਆ ਹੋਇਆ ਹੈ। ਸਪੀਕਰ ਲਈ ਹੋਈ ਚੋਣ ਵਿਚ 427 ਵੋਟਾਂ ਪਈਆਂ। ਪੇਲੋਸੀ ਨੇ ਟਵੀਟ ਕਰ ਕੇ ਕਿਹਾ ਕਿ ਉਹ ਸਹਿਯੋਗੀਆਂ ਵੱਲੋਂ ਸਪੀਕਰ ਚੁਣੇ ਜਾਣ ਉਤੇ ਸਨਮਾਨਿਤ ਮਹਿਸੂਸ ਕਰ ਰਹੀ ਹੈ। ਸਪੀਕਰ ਚੁਣੇ ਜਾਣ ਤੋਂ ਬਾਅਦ ਪੇਲੋਸੀ ਨੇ ਸਦਨ ਦੇ ਬਾਕੀ ਮੈਂਬਰਾਂ ਨੂੰ ਸਹੁੰ ਚੁਕਾਈ। ਪ੍ਰਤੀਨਿਧ ਸਭਾ ਦੇ 435 ਵੋਟਿੰਗ ਮੈਂਬਰ ਹਨ। -ਪੀਟੀਆਈ