ਯੋਰੋਸ਼ਲਮ, 18 ਅਪਰੈਲ
ਇਜ਼ਰਾਈਲ ਨੇ ਲਾਜ਼ਮੀ ਮਾਸਕ ਪਹਿਨਣ ਬਾਰੇ ਜਾਰੀ ਕੀਤੀਆਂ ਹਦਾਇਤਾਂ ਵਾਪਸ ਲੈ ਲਈਆਂ ਹਨ। ਸਕੂਲ ਵੀ ਪੂਰੀ ਤਰ੍ਹਾਂ ਖੋਲ੍ਹ ਦਿੱਤੇ ਗਏ ਹਨ। ਟੀਕਾਕਰਨ ਮੁਹਿੰਮ ਤੋਂ ਬਾਅਦ ਕਰੋਨਾਵਾਇਰਸ ਦੀਆਂ ਪਾਬੰਦੀਆਂ ਵਿਚ ਇਹ ਢਿੱਲ ਦਿੱਤੀ ਗਈ ਹੈ। ਪ੍ਰਾਇਮਰੀ ਤੇ ਸੈਕੰਡਰੀ ਦੇ ਬੱਚਿਆਂ ਨੇ ਸਕੂਲ ਜਾਣਾ ਆਰੰਭ ਦਿੱਤਾ ਹੈ। ਜਨਤਕ ਥਾਵਾਂ ’ਤੇ ਮਾਸਕ ਨਾ ਪਹਿਨਣ ਦੀ ਛੋਟ ਦਿੱਤੀ ਗਈ ਹੈ। ਬੰਦ ਥਾਵਾਂ ਤੇ ਵੱਡੇ ਇਕੱਠਾਂ ਵਿਚ ਮਾਸਕ ਪਹਿਨਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਨੇ ਤੇਜ਼ ਰਫ਼ਤਾਰ ਨਾਲ ਆਪਣੇ ਨਾਗਰਿਕਾਂ ਦਾ ਟੀਕਾਕਰਨ ਕੀਤਾ ਹੈ। ਪਿਛਲੇ ਹਫ਼ਤੇ ਹੀ ਇਜ਼ਰਾਈਲ ਨੇ ਜ਼ਿਆਦਾਤਰ ਪਾਬੰਦੀਆਂ ਖ਼ਤਮ ਕਰ ਦਿੱਤੀਆਂ ਸਨ ਤੇ ਕਿਹਾ ਸੀ ਕਿ ਮੁਲਕ ਨੂੰ ਹੁਣ ਖੋਲ੍ਹਿਆ ਜਾਵੇਗਾ। ਮਈ ਮਹੀਨੇ ਤੋਂ ਵਿਦੇਸ਼ੀ ਸੈਲਾਨੀਆਂ ਦੇ ਟੀਕੇ ਲਾਉਣੇ ਸ਼ੁਰੂ ਕੀਤੇ ਜਾਣਗੇ। ਇਜ਼ਰਾਈਲ ਵਿਚ ਕਰੋਨਾ ਦੇ 8,36000 ਕੇਸ ਸਾਹਮਣੇ ਆਏ ਹਨ ਤੇ ਕਰੀਬ 6331 ਮੌਤਾਂ ਹੋਈਆਂ ਹਨ। -ਏਪੀ