ਮਨੀਲਾ, 29 ਅਕਤੂਬਰ
ਫਿਲਪੀਨਜ਼ ਵਿੱਚ ਭਾਰੀ ਮੀਂਹ ਕਰਕੇ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 47 ਵਿਅਕਤੀਆਂ ਦੀ ਮੌਤ ਹੋ ਗਈ ਹੈ। ਸਭ ਤੋਂ ਵੱਧ ਪ੍ਰਭਾਵਿਤ ਦੱਖਣੀ ਫਿਲਪੀਨ ਸੂਬਾ ਹੋਇਆ ਹੈ, ਜਿੱਥੇ 60 ਤੋਂ ਵੱਧ ਵਿਅਕਤੀਆਂ ਦੇ ਚੱਟਾਨਾਂ, ਦਰੱਖਤਾਂ ਅਤੇ ਮਲਬੇ ਹੇਠਾਂ ਦੱਬੇ ਜਾਣ ਦਾ ਖਦਸ਼ਾ ਹੈ। ਗ੍ਰਹਿ ਮੰਤਰੀ ਨਾਗਬਿ ਸਿਨਾਰਿੰਬੋ ਨੇ ਦੱਸਿਆ ਕਿ ਵੀਰਵਾਰਤ ਰਾਤ ਤੋਂ ਸ਼ੁੱਕਰਵਾਰ ਸਵੇਰ ਤੱਕ ਮੈਗੁਇਨਡਾਨਾਓ ਸੂਬੇ ਦੇ ਤਿੰਨ ਕਸਬਿਆਂ ਵਿੱਚ ਘੱਟੋ-ਘਟ 42 ਵਿਅਕਤੀ ਹੜ੍ਹ ਵਿੱਚ ਵਹਿ ਗਏ ਸਨ। ਸਰਕਾਰੀ ਡਿਜ਼ਾਸਟਰ ਰਿਸਪੌਂਸ ਏਜੰਸੀ ਨੇ ਦੱਸਿਆ ਕਿ ਅੱਜ ਤੜਕੇ ਪੂਰਬੀ ਸੂਬੇ ਕੈਮੇਰਿਨ ਸੁਰ ਵਿੱਚ ਆਏ ਤੂਫਾਨ ਕਾਰਨ ਪੰਜ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਤੂਫਾਨ ਕਾਰਨ ਮੈਗੁਇਨਡਾਨਾਓ ਦਾ ਕਬਾਇਲੀ ਪਿੰਡ ਕੁਸੀਓਂਗ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇੱਥੋਂ ਦੇ 60 ਦੇ ਕਰੀਬ ਵਿਅਕਤੀ ਮਲਬੇ ਹੇਠਾਂ ਦੱਬੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਰਾਹਤ ਕਾਮਿਆਂ ਵੱਲੋਂ 11 ਲਾਸ਼ਾਂ ਮਲਬੇ ਹੇਠੋਂ ਕੱਢੀਆਂ ਗਈਆਂ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਲਾਸ਼ਾਂ ਬੱਚਿਆਂ ਦੀਆਂ ਹਨ। ਫ਼ੌਜ, ਪੁਲੀਸ ਮੁਲਾਜ਼ਮ ਅਤੇ ਹੋਰ ਵਾਲੰਟੀਅਰਾਂ ਨੂੰ ਰਾਹਤ ਕਾਰਜ ਹੋਰ ਤੇਜ਼ ਕਰਨ ਲਈ ਤਾਇਨਾਤ ਕੀਤਾ ਗਿਆ ਹੈ। ਮੇਅਰਾਂ, ਗਵਰਨਰਾਂ ਅਤੇ ਆਫਤ ਰਿਸਪੌਂਸ ਅਧਿਕਾਰੀਆਂ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਸਿਨਾਰਿੰਬੋ ਨੇ ਦੱਸਿਆ ਕਿ ਜ਼ਿਆਦਾਤਰ ਮੌਤਾਂ ਡੁੱਬਣ ਕਾਰਨ ਜਾਂ ਢਿੱਗਾਂ ਡਿੱਗਣ ਕਾਰਨ ਹੋਈਆਂ ਹਨ। ਦੇਸ਼ ਵਿੱਚ ਬਣੇ ਹਾਲਾਤ ਕਾਰਨ ਕਈ ਘਰੇਲੂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਹਜ਼ਾਰਾਂ ਯਾਤਰੀ ਫਸ ਗਏ ਹਨ। -ਏਪੀ