ਸਤਬਿੀਰ ਸਿੰਘ
ਬਰੈਂਪਟਨ, 17 ਜੁਲਾਈ
ਅੱਜ ਇੱਥੇ ਸਹਿਜ ਵਿਹੜਾ ਸੰਸਥਾ ਵੱਲੋਂ ਕਵੀ ਜਸਵੀਰ ਸ਼ਮੀਲ ਦੀਆਂ ਰਚਨਾਵਾਂ ’ਤੇ ਵਿਚਾਰ-ਚਰਚਾ ਕੀਤੀ ਗਈ ਤੇ ਉਸ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਇਕੱਠੇ ਹੋਏ ਲੇਖਕਾਂ ਨੇ ਕੈਨੇਡਾ ਦੀ ਫੈਡਰਲ ਸਰਕਾਰ ਨੂੰ ਭਾਸ਼ਾ ਅਤੇ ਸਭਿਆਚਾਰ ਬਾਰੇ ਪੰਜਾਬੀ ਅਕਾਦਮੀ ਬਣਾਉਣ ਦੀ ਮੰਗ ਕੀਤੀ। ਇਸ ਸਬੰਧ ਵਿੱਚ ਸਰਕਾਰ ਨਾਲ ਗੱਲਬਾਤ ਕਰਨ ਲਈ ਰਣਦੀਪ ਸਿੰਘ ਸੰਧੂ ਦੀ ਅਗਵਾਈ ਹੇਠ ਕਮੇਟੀ ਬਣਾਉਣ ਦੀ ਗੱਲ ਵੀ ਆਖੀ ਗਈ। ਇਸ ਮੌਕੇ ਸ਼ਮੀਲ ਦੀ ਨਵ-ਪ੍ਰਕਾਸ਼ਿਤ ਕਾਵਿ ਪੁਸਤਕ ‘ਰੱਬ ਦਾ ਸੁਰਮਾ’ ਦਾ ਲੋਕ ਅਰਪਣ ਕੀਤਾ ਗਿਆ ਅਤੇ ਇਸ ਪੁਸਤਕ ਸਮੇਤ ਉਸ ਦੀਆਂ ਹੁਣ ਤੱਕ ਛਪੀਆਂ ਪੁਸਤਕਾਂ ‘ਧੂਫ਼’ ਤੇ ‘ਓ ਮੀਆਂ’ ਵਿੱਚ ਸ਼ਾਮਲ ਕਵਿਤਾਵਾਂ ’ਤੇ ਵਿਚਾਰ-ਚਰਚਾ ਵੀ ਕੀਤੀ ਗਈ। ਡਾ. ਗੁਰਤਰਨ ਸਿੰਘ ਨੇ ਕਿਹਾ ਕਿ ਸ਼ਮੀਲ ਨੇ ਆਪਣੀ ਕਵਿਤਾ ਨੂੰ ਜੀਵਨ ਦੇ ਬ੍ਰਹਮੰਡੀ ਅਨੁਭਵ ਦੇ ਨੇੜੇ ਰੱਖਿਆ ਹੈ। ਡਾ. ਜਸਪਾਲ ਨੇ ਨਵੇਂ ਬਿੰਬਾਂ, ਤੇ ਸ਼ਬਦਾਂ ਦੀ ਚੋਣ ਦੀ ਗੱਲ ਕੀਤੀ। ਭੁਪਿੰਦਰ ਦੂਲੇ ਪ੍ਰਤਾਬਪੁਰਾ ਨੇ ਕਿਹਾ ਕਿ ਕਵਿਤਾ ਵਿੱਚ ਦੁਹਰਾਓ ਨਹੀਂ। ਕੁਲਵਿੰਦਰ ਖਹਿਰਾ ਨੇ ਕਿਹਾ ਇਸ ਵਿੱਚ ਨਵੇਂ ਯੁੱਗ ਦੀ ਤਾਜ਼ਗੀ ਹੈ। ਆਪਣੀ ਕਵਿਤਾ ਬਾਰੇ ਗੱਲ ਕਰਦਿਆਂ ਸ਼ਮੀਲ ਨੇ ਦੱਸਿਆ ਕਿ ਇਨਸਾਨੀ ਜੀਵਨ ਵਿੱਚ ਕਵਿਤਾ ਦੀ ਭੂਮਿਕਾ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਕਵਿਤਾ ਹੀ ਸੰਵੇਦਨਸ਼ੀਲਤਾ ਦਾ ਮੂਲ ਆਧਾਰ ਹੈ। ਇਸ ਮੌਕੇ ਸੰਸਥਾ ਵੱਲੋਂ ਜਸਵੀਰ ਸ਼ਮੀਲ ਦਾ ਸਨਮਾਨ ਵੀ ਕੀਤਾ ਗਿਆ।