ਕੋਲੰਬੋ, 18 ਜੁਲਾਈ
ਸ੍ਰੀਲੰਕਾ ਦੇ ਕਾਰਜਕਾਰੀ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੇ ਅੱਜ ਸਿਆਸੀ ਪਾਰਟੀਆਂ ਨੂੰ ਆਪਣੇ ਮਤਭੇਦ ਭੁਲਾ ਕੇ ਅਜਿਹੀ ਸਰਬ ਪਾਰਟੀ ਸਰਕਾਰ ਬਣਾਉਣ ਦੀ ਅਪੀਲ ਕੀਤੀ ਜੋ ਦੇਸ਼ ਨੂੰ ਆਰਥਿਕ ਸੰਕਟ ਤੋਂ ਉਭਾਰਨ ’ਚ ਮਦਦ ਕਰੇ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਦੀ ਮਦਦ ਨਾਲ ਸਬੰਧਤ ਗੱਲਬਾਤ ਨਤੀਜੇ ਦੇ ਨੇੜੇ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇਸ਼ ’ਚ ਅੱਜ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਜਿਸ ਨਾਲ ਉਨ੍ਹਾਂ ਨੂੰ 20 ਜੁਲਾਈ ਨੂੰ ਹੋਣ ਵਾਲੀ ਅਹਿਮ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਵੱਡੇ ਅਧਿਕਾਰ ਮਿਲ ਗਏ ਹਨ।
ਉਨ੍ਹਾਂ ਇੱਕ ਬਿਆਨ ’ਚ ਕਿਹਾ ਕਿ ਜਦੋਂ ਉਨ੍ਹਾਂ 13 ਮਈ ਨੂੰ ਪ੍ਰਧਾਨ ਮੰਤਰੀ ਵਜੋਂ ਕਾਰਜ ਭਾਰ ਸੰਭਾਲਿਆ ਸੀ ਤਾਂ ਦੇਸ਼ ਦਾ ਅਰਥਚਾਰਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕਾ ਸੀ। ਉਨ੍ਹਾਂ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਕਾਰਜਕਾਰੀ ਰਾਸ਼ਟਰਪਤੀ ਵਿਕਰਮਸਿੰਘੇ ਨੇ ਦੇਸ਼ ਵਿਚਲੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਮੱਤਭੇਦ ਦੂਰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਇੱਕ ਵਿਅਕਤੀ ਨਾਲ ਮੱਤਭੇਦਾਂ ਦਾ ਨਤੀਜਾ ਪੂਰੇ ਦੇਸ਼ ਨੂੰ ਨਹੀਂ ਭੁਗਤਣਾ ਚਾਹੀਦਾ। ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂਆਂ ਨੇ ਐਮਰਜੈਂਸੀ ਲਾਉਣ ਦੇ ਫ਼ੈਸਲੇ ਲਈ ਵਿਕਰਮਸਿੰਘੇ ਦੀ ਆਲੋਚਨਾ ਕੀਤੀ ਹੈ। -ਪੀਟੀਆਈ
ਰਾਜਪਕਸੇ ਖ਼ਿਲਾਫ਼ ਸਿੰਗਾਪੁਰ ’ਚ ਮੌਨ ਮੁਜ਼ਾਹਰੇ
ਸਿੰਗਾਪੁਰ: ਸ੍ਰੀਲੰਕਾ ਦੇ ਅਹੁਦੇ ਤੋਂ ਹਟਾਏ ਗਏ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਦੇ ਲੰਘੇ ਵੀਰਵਾਰ ਇੱਥੇ ਪਹੁੰਚਣ ’ਤੇ ਸਿੰਗਾਪੁਰ ਦੇ ਲੋਕਾਂ ਨੇ ਚੁੱਪਚਾਪ ਰੋਸ ਜ਼ਾਹਿਰ ਕੀਤਾ ਹੈ। ਗੋਟਾਬਾਯਾ ਦੇ ਸਿੰਗਾਪੁਰ ਪਹੁੰਚਣ ਤੋਂ ਤੁਰੰਤ ਬਾਅਦ ਹੀ ਪੁਲੀਸ ਨੇ ਸੰਭਾਵੀ ਪ੍ਰਦਰਸ਼ਨਕਾਰੀਆਂ ਨੂੰ ਕਾਨੂੰਨ ਤੋੜਨ ਦੇ ਨਤੀਜਿਆਂ ਨੂੰ ਲੈ ਕੇ ਚੌਕਸ ਕੀਤਾ ਸੀ। ਪੁਲੀਸ ਨੇ ਕਿਹਾ ਕਿ ਜਨਤਾ, ਸਿੰਗਾਪੁਰ ਦੇ ਨਾਗਰਿਕਾਂ, ਵਸਨੀਕਾਂ, ਵਰਕ ਪਰਮਿਟ ਹਾਸਲ ਵਿਅਕਤੀਆਂ ਸਮੇਤ ਹੋਰਾਂ ਨੂੰ ਸਥਾਨਕ ਕਾਨੂੰਨ ਦਾ ਪਾਲਣ ਕਰਨਾ ਚਾਹੀਦਾ ਹੈ। ਸਿੰਗਾਪੁਰ ’ਚ ਤਿਆਰ ਕੀਤੀ ਗਈ ਚੇਂਜ ਡਾਟ ਓਆਰਜੀ ਦੇ ਨਾਂ ਹੇਠਲੀ ਪਟੀਸ਼ਨ ’ਚ ਕਾਰੋਬਾਰੀ ਰੇਮੰਡ ਐੱਨਜੀ ਨੇ ਲਿਖਿਆ ਕਿ ਉਨ੍ਹਾਂ ਮਨੀ ਲਾਂਡਰਿੰਗ ਦੇ ਦੋਸ਼ ਹੇਠ ਰਾਜਪਕਸੇ ਖ਼ਿਲਾਫ਼ ਸਿੰਗਾਪੁਰ ਦੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਇਸ ਪਟੀਸ਼ਨ ’ਚ ਹੁਣ ਤੱਕ ਦੋ ਹਜ਼ਾਰ ਤੋਂ ਵੱਧ ਲੋਕ ਦਸਤਖਤ ਕਰ ਚੁੱਕੇ ਹਨ। -ਪੀਟੀਆਈ