ਵਾਸ਼ਿੰਗਟਨ, 26 ਅਕਤੂਬਰ
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਅਤੇ ਰੱਖਿਆ ਮੰਤਰੀ ਮਾਰਕ ਐਸਪਰ ਭਾਰਤ ਨਾਲ ਤੀਜੀ 2+2 ਮੰਤਰੀ ਪੱਧਰ ਦੀ ਮੀਟਿੰਗ ’ਚ ਹਿੱਸਾ ਲੈਣ ਲਈ ਸੋਮਵਾਰ ਨੂੰ ਨਵੀਂ ਦਿੱਲੀ ਪੁੱਜੇ। ਉਹ ਮੰਗਲਵਾਰ ਨੂੰ ਆਪਣੇ ਹਮਰੁਤਬਾ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਨਵੀਂ ਦਿੱਲੀ ਵਿੱਚ ਮੀਟਿੰਗ ਵਿੱਚ ਹਿੱਸਾ ਲੈਣਗੇ। ਇਸ ਦੌਰਾਨ ਦੋਨੇ ਧਿਰਾਂ ਵਿਚਾਲੇ ਹਿੰਦ-ਪ੍ਰਸ਼ਾਤ ਖੇਤਰ ਵਿੱਚ ਦੁਵੱਲੇ ਰੱਖਿਆ ਸਬੰਧਾਂ ਅਤੇ ਸੁਰੱਖਿਆ ਸਹਿਯੋਗ ਅੱਗੇ ਵਧਾਉਣ ਦੇ ਤਰੀਕਿਆਂ ’ਤੇ ਚਰਚਾ ਹੋਣ ਦੀ ਉਮੀਦ ਹੈ।
ਚੀਨ ਦੇ ਖੇਤਰ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਦੌਰਾਨ ਇਸ ਮੀਟਿੰਗ ਦੀ ਅਹਿਮੀਅਤ ਕਾਫ਼ੀ ਵਧ ਗਈ ਹੈ। ਅਮਰੀਕਾ ਵਿੱਚ ਤਿੰਨ ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇਹ ਬੈਠਕ ਬਹੁਤ ਅਹਿਮ ਮੰਨੀ ਜਾ ਰਹੀ ਹੈ। ਪੌਂਪੀਓ ਨੇ ਐਤਵਾਰ ਨੂੰ ਟਵੀਟ ਕੀਤਾ, ‘‘ ਭਾਰਤ, ਸ੍ਰੀਲੰਕਾ, ਮਾਲਦੀਵ ਅਤੇ ਇੰਡੋਨੇਸ਼ੀਆ ਦੀ ਆਪਣੀ ਯਾਤਰਾ ਲਈ ਰਵਾਨਾ ਹੋ ਗਿਆ ਹਾਂ। ਹਿੰਦ-ਪ੍ਰਸ਼ਾਂਤ ਨੂੰ ਆਜ਼ਾਦ , ਮਜ਼ਬੂਤ ਅਤੇ ਖੁਸ਼ਹਾਲ ਬਣਾਉਣ ਦੇ ਸਾਂਝੇ ਨਜ਼ਰੀਏ ਨੂੰ ਹੁਲਾਰਾ ਦੇਣ ਲਈ ਸਾਡੇ ਭਾਈਵਾਲਾਂ ਨਾਲ ਜੁੜਨ ਦਾ ਮੌਕਾ ਮਿਲਣ ਲਈ ਧੰਨਵਾਦੀ ਹਾਂ। ’’ ਪੌਂਪੀਓ ਅਤੇ ਐਸਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਨਾਲ ਵੀ ਮੁਲਾਕਾਤ ਕਰਨਗੇ। – ਏਜੰਸੀ